ਚੰਡੀਗੜ੍ਹ : (ਰਮਨ ਸੋਢੀ)— ਹੜ੍ਹ ਪੀੜਤਾਂ ਦੀ ਮਦਦ ਲਈ ਜਿਥੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵੱਧ-ਚੜ੍ਹ ਕੇ ਅੱਗੇ ਆ ਰਹੀਆਂ ਹਨ ਤੇ ਲੋਕ ਵੀ ਮਦਦ ਕਰ ਰਹੇ ਹਨ, ਉਥੇ ਹੁਣ ਫਿਲਮੀ ਸਿਤਾਰਿਆਂ ਨੇ ਵੀ ਮਦਦ ਲਈ ਆਪਣਾ ਕਦਮ ਵਧਾਇਆ ਹੈ। ਪ੍ਰਸਿੱਧ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਵਲੋਂ ਹਾਲ ਹੀ 'ਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਕੰਮ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਨੂੰ ਕੁਝ ਰਾਸ਼ੀ ਮਦਦ ਲਈ ਦਿੱਤੀ ਗਈ ਹੈ।
ਖਾਲਸਾ ਏਡ ਦੇ ਏਸ਼ੀਆ ਪੈਸਿਫਿਕ ਦੇ ਮੈਨੇਜਿੰਗ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟੀਮ ਨੂੰ ਗਿੱਪੀ ਗਰੇਵਾਲ ਵਲੋਂ ਖੁਦ ਸੰਪਰਕ ਕੀਤਾ ਗਿਆ ਸੀ ਤੇ ਅੱਜ ਚੰਡੀਗੜ੍ਹ ਵਿਖੇ ਫਿਲਮ 'ਅਰਦਾਸ ਕਰਾਂ' ਦੀ ਸਫਲਤਾ ਦੀ ਪਾਰਟੀ 'ਚ ਬੁਲਾ ਕੇ ਸਪੈਸ਼ਲ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ੀ ਦਿੱਤੀ ਗਈ ਹੈ। ਇਸ ਮੌਕੇ ਅਮਰਪ੍ਰੀਤ ਦੇ ਨਾਲ ਉਨ੍ਹਾਂ ਦੇ ਟੀਮ ਮੈਂਬਰ ਗੁਰਪ੍ਰੀਤ ਸਿੰਘ, ਦਮਨਜੀਤ ਸਿੰਘ, ਪ੍ਰਵਾਸੀ ਪੰਜਾਬੀ ਤੇ ਸਮਾਜ ਸੇਵੀ ਸੁੱਖੀ ਬਾਠ ਤੇ ਜਗ ਬਾਣੀ ਪੱਤਰਕਾਰ ਰਮਨਦੀਪ ਸੋਢੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।