ਚੰਡੀਗੜ੍ਹ (ਭੁੱਲਰ)- ਸੀ. ਪੀ. ਆਈ. ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਰ. ਐੱਸ. ਐੱਸ. ਦੇ ਏਜੰਡੇ ਨੂੰ ਅਮਲੀ ਰੂਪ ਦੇਣ ਲਈ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਸੂਬਿਆਂ ਅੰਦਰ ਬੋਲੀਆਂ ਜਾਣ ਵਾਲੀਆਂ ਦਰਜਨਾਂ ਮਾਤ-ਭਾਸ਼ਾਵਾਂ ਅਤੇ ਸੱਭਿਆਚਾਰਾਂ ਤੇ ਜ਼ਬਰਦਸਤ ਹੱਲਾ ਬੋਲਿਆ ਹੋਇਆ ਹੈ। ਇਕ ਦੇਸ਼ ਇਕ ਭਾਸ਼ਾ ਦੇ ਨਾਂ ਤੇ ਹਿੰਦੀ ਨੂੰ ਜਬਰੀ ਠੋਸਣ ਦੀ ਗੱਲ ਕੀਤੀ ਜਾ ਰਹੀ ਹੈ। ਦੁੱਖ ਇਸ ਗੱਲ ਦਾ ਹੈ ਕਿ ਗੁਰਦਾਸ ਮਾਨ ਵਰਗੇ ਪ੍ਰਸਿੱਧ ਪੰਜਾਬੀ ਗੀਤਕਾਰ ਵੀ ਆਰ. ਐੱਸ. ਐੱਸ. ਦੇ ਪ੍ਰਭਾਵ ਹੇਠਾਂ 'ਇਕ ਦੇਸ਼ ਇਕ ਭਾਸ਼ਾ' ਦੇ ਨਾਅਰੇ ਹੇਠ ਆਪਣੀ ਪਿਆਰੀ ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਭੁੱਲ ਗਏ ਹਨ ਅਤੇ ਸ਼ਾਇਦ ਕਿਸੇ ਸੁਆਰਥੀ ਹਿੱਤਾਂ ਵਾਸਤੇ ਆਰ. ਐੱਸ. ਐੱਸ. ਦੇ ਵਹਿਣ ਵਿਚ ਵਹਿ ਗਏ ਹਨ।
ਸੀ. ਪੀ. ਆਈ. ਦੇ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਸਾਰੀਆਂ ਕ੍ਰਾਂਤੀਕਾਰੀ ਤਾਕਤਾਂ ਗੁਰਦਾਸ ਮਾਨ ਦੇ ਇਸ ਤਰ੍ਹਾਂ ਦੇ ਬਿਆਨਾਂ ਦੀ ਨਿਖੇਧੀ ਕੀਤੀ ਹੈ ਤੇ ਆਸ ਕਰਦੀਆਂ ਹਨ ਕਿ ਗੁਰਦਾਸ ਮਾਨ ਸਮੁੱਚੇ ਪੰਜਾਬੀਆਂ, ਜਿਨ੍ਹਾਂ ਨੇ ਇਸ ਨੂੰ ਬੇਹੱਦ ਮਾਣ-ਸਤਿਕਾਰ ਦਿਤਾ ਹੈ, ਤੋਂ ਮੁਆਫੀ ਮੰਗ ਕੇ ਆਪਣੀ ਗਲਤੀ ਦਾ ਸੁਧਾਰ ਕਰਨਗੇ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਿਚ ਉਰਦੂ ਭਾਸ਼ਾ ਨੂੰ ਬਿਦੇਸ਼ੀ ਭਾਸ਼ਾਵਾਂ ਦੇ ਦਰਜੇ ਵਿਚ ਸ਼ਾਮਲ ਕਰਨ ਦੇ ਕੋਝੇ ਯਤਨਾਂ ਦੀ ਵੀ ਪਾਰਟੀ ਪੁਰਜ਼ੋਰ ਨਿੰਦਾ ਕਰਦੀ ਹੈ।