ਜਲੰਧਰ(ਬਿਊਰੋ)— ਪੰਜਾਬ ਮੰਡੀ ਬੋਰਡ ਵਲੋਂ 7 ਜਨਵਰੀ ਨੂੰ ਕਰਵਾਏ ਗਏ ਮਾਨਸਾ ਦੇ 'ਕਰਜ਼ਾ ਮੁਆਫੀ ਸਮਾਰੋਹ' 'ਚ ਨਾਮੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੂੰ ਬੁਲਾਇਆ ਗਿਆ। ਗੁਰਦਾਸ ਮਾਨ ਦਾ ਇਹ ਰੰਗਾਰੰਗ ਪ੍ਰੋਗਰਾਮ ਸਰਕਾਰ ਨੂੰ ਪੂਰੇ 15 ਲੱਖ ਰੁਪਏ ਵਿਚ ਪਿਆ। ਜਾਣਕਾਰੀ ਮੁਤਾਬਕ ਮਾਨਸਾ ਪ੍ਰਸ਼ਾਸਨ ਨੇ ਜੋ ਪਹਿਲਾਂ ਕਰਜ਼ਾ ਮੁਆਫੀ ਸਮਾਰੋਹ ਕਰਵਾਏ ਗਏ ਸਨ, ਉਸ 'ਤੇ 20 ਲੱਖ ਰੁਪਏ ਖਰਚ ਆਇਆ ਸੀ, ਜਦੋਂਕਿ 15 ਲੱਖ ਰੁਪਏ ਸਿਰਫ ਗੁਰਦਾਸ ਮਾਨ ਨੂੰ ਹੀ ਦਿੱਤੇ ਗਏ। ਪੰਜਾਬ ਸਰਕਾਰ ਨੇ ਮਾਨਸਾ ਸਮਾਰੋਹ 'ਤੇ ਆਏ ਖਰਚੇ ਦੇ ਬਿੱਲ ਹੁਣ ਤੱਕ ਪੂਰੇ ਨਹੀਂ ਕੀਤੇ, ਜਦੋਂਕਿ ਮੰਡੀ ਬੋਰਡ ਨੇ ਗਾਇਕ ਨੂੰ ਸਾਰੀ ਰਕਮ ਹੱਥੋਂ-ਹੱਥੀ ਦਿੱਤੀ।
![Punjabi Bollywood Tadka](http://static.jagbani.com/multimedia/11_09_0686600003-ll.jpg)
ਸਰਕਾਰ ਵਲੋਂ 14 ਮਾਰਚ ਨੂੰ ਨਕੋਦਰ 'ਚ 'ਕਰਜ਼ਾ ਮੁਆਫੀ ਸਮਾਰੋਹ' ਕਰਵਾਏ ਜਾਣਗੇ, ਜਿਸ ਵਿਚ ਮਸ਼ਹੂਰ ਗਾਇਕ ਮਾਸਟਰ ਸਲੀਮ ਨੂੰ ਬੁਲਾਇਆ ਜਾਵੇਗਾ। ਕਿਸਾਨ ਭਰਾਵਾਂ ਨੇ ਆਖਿਆ ਕਿ ਸਰਕਾਰ ਨੇ ਮਨੋਰੰਜਨ ਪ੍ਰੋਗਰਾਮ ਕਰਵਾ ਕੇ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ। ਪਹਿਲੇ ਸਮਾਰੋਹਾਂ ਵਿਚ ਪੰਜ ਜ਼ਿਲਿਆਂ ਦੇ ਕਰੀਬ 47 ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ ਕੀਤਾ ਗਿਆ, ਜੋ ਕਿ ਕਰੀਬ 167 ਕਰੋੜ ਰੁਪਏ ਬਣਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਸਮਾਰੋਹਾਂ ਵਿਚ ਕਰਜ਼ਾ ਮੁਆਫੀ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਦੌਰਾਨ ਗੁਰਦਾਸ ਮਾਨ ਨੇ ਕਈ ਘੰਟੇ ਸਟੇਜ 'ਤੇ ਆਪਣੇ ਗੀਤਾਂ ਨਾਲ ਰੰਗ ਬੰਨ੍ਹਿਆ। ਵਿਭਾਗ ਨੇ ਮਾਨਸਾ ਸਮਾਰੋਹਾਂ 'ਤੇ ਕੋਈ ਖਰਚਾ ਨਹੀਂ ਕੀਤਾ ਹੈ ਅਤੇ ਗੁਰਦਾਸ ਮਾਨ ਨੂੰ 15 ਲੱਖ ਰੁਪਏ ਵੀ ਪੰਜਾਬ ਮੰਡੀ ਬੋਰਡ ਵੱਲੋਂ ਦਿੱਤੇ ਗਏ। ਮਾਨਸਾ ਸਮਾਰੋਹਾਂ ਵਿਚ ਜੋ ਟੈਂਟ ਲਾਇਆ ਗਿਆ, ਉਹ ਫਰਮ ਪਟਿਆਲਾ ਤੋਂ ਸੀ ਅਤੇ ਉਸ ਦਾ ਬਿੱਲ ਕਰੀਬ 11 ਲੱਖ ਰੁਪਏ ਦਾ ਬਣਿਆ ਹੈ। ਤਿੰਨ ਲੱਖ ਦਾ ਖਰਚਾ ਲੰਗਰ ਦਾ ਰਿਹਾ ਹੈ। ਮਾਨਸਾ ਪ੍ਰਸ਼ਾਸਨ ਕੋਲ ਟੈਂਟ, ਸਾਊਂਡ, ਲੰਗਰ, ਫੁੱਲਾਂ, ਬੈਨਰਾਂ ਆਦਿ 'ਤੇ ਕਰੀਬ 20 ਲੱਖ ਰੁਪਏ ਦੇ ਬਿੱਲ ਪੁੱਜੇ ਹਨ।
![Punjabi Bollywood Tadka](http://static.jagbani.com/multimedia/11_08_3293900002-ll.jpg)
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਤੱਕ ਸਰਕਾਰ ਤੋਂ ਮੰਗਿਆ ਫੰਡ ਨਹੀਂ ਮਿਲਿਆ, ਜਦੋਂਕਿ ਬਿੱਲ ਸਰਕਾਰ ਨੂੰ ਭੇਜ ਦਿੱਤੇ ਗਏ ਸਨ। ਸੂਤਰਾਂ ਮੁਤਾਬਕ ਪੰਜਾਬ ਮੰਡੀ ਬੋਰਡ ਦੇ ਸਕੱਤਰ ਅਮਿਤ ਢਾਕਾ ਨੇ ਕਿਹਾ, ''ਕਰਜ਼ਾ ਮੁਆਫੀ ਸਮਾਰੋਹ ਦੇ ਸਾਰੇ ਖਰਚੇ ਦੇ ਬਿੱਲ ਪ੍ਰਾਪਤ ਹੋ ਰਹੇ ਹਨ, ਜਿਨ੍ਹਾਂ ਦੀ ਅਦਾਇਗੀ ਜਲਦ ਕੀਤੀ ਜਾਵੇਗੀ।''