ਜੀਰਕਪੁਰ (ਬਿਊਰੋ) - ਜ਼ੀਕਰਪੁਰ-ਅੰਬਾਲਾ ਸੜਕ 'ਤੇ ਆਕਸਫੋਰਡ ਸਟ੍ਰੀਟ 'ਚ ਆਯੋਜਿਤ ਮਿਊਜ਼ਿਕਲ ਨਾਈਟ 'ਚ ਸ਼ਰਾਬ ਤੇ ਹੱਥਿਆਰਾਂ ਨੂੰ ਪ੍ਰਮੋਟ ਕਰਨ ਦੇ ਗੀਤ ਗਾਉਣ 'ਤੇ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਗਾਇਕਾ ਸੁਨੰਦਾ ਸ਼ਰਮਾ ਖਿਲਾਫ ਜ਼ੀਕਰਪੁਰ ਥਾਣੇ 'ਚ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਕਰਨਾਟਕ ਦੇ ਪ੍ਰੋਫੈਸਰ ਪੰਡਿਤ ਰਾਵ ਧਨੇਰਵਰ ਨੇ ਦਿੱਤੀ ਹੈ। ਉਧਰ ਐਤਵਾਰ ਨੂੰ ਹੋਣ ਵਾਲੇ ਗੁਰਦਾਸ ਮਾਨ ਦਾ ਸ਼ੋਅ ਵੀ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਫੈਨਜ਼ 'ਚ ਕਾਫੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਆਯੋਜਕਾਂ ਨੇ ਭਰੋਸਾ ਜਤਾਇਆ ਹੈ ਕਿ ਦਰਸ਼ਕਾਂ ਦੀਆਂ ਟਿਕਟਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਐਤਵਾਰ ਨੂੰ ਸ਼ਾਮ ਮਸ਼ਹੂਰ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਗੁਰਨਾਮ ਭੁੱਲਰ, ਜੈਲੀ ਜੋਹਲ ਤੇ ਕਈ ਹੋਰ ਕਲਾਕਾਰ ਪਹੁੰਚਣ ਵਾਲੇ ਸਨ।
ਪ੍ਰਬੰਧਕ ਨਵਲ ਨੇ ਦੱਸਿਆ ਕਿ 12 ਅਕਤੂਬਰ ਨੂੰ ਸੁਨੰਦਾ ਸ਼ਰਮਾ ਤੇ ਪਰਮੀਸ਼ ਵਰਮਾ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਕੁਝ ਸ਼ਰਾਰਤੀਆਂ ਲੋਕਾਂ ਨੇ ਉਨ੍ਹਾਂ ਦੇ ਟਿਕਟ ਘਰ 'ਚ ਆ ਕੇ ਧਮਕੀ ਦਿੱਤੀ ਕਿ ਜੇਕਰ 13 ਅਕਤੂਬਰ ਨੂੰ ਗੁਰਦਾਸ ਮਾਨ ਦਾ ਸ਼ੋਅ ਹੋਇਆ ਤਾਂ ਅਸੀਂ ਫਿਰ ਮਾਹੌਲ ਖਰਾਬ ਕਰ ਦਿਆਂਗੇ, ਜਿਸ ਤੋਂ ਬਾਅਦ ਗੁਰਦਾਸ ਮਾਨ ਦੀ ਸੁਰੱਖਿਆ ਨੂੰ ਦੇਖਦੇ ਹੋਏ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਗੁਰਦਾਸ ਮਾਨ ਦੇ ਐਂਕਰ ਪਰਮਿੰਦਰ ਨੇ ਫੋਨ 'ਤੇ ਦੱਸਿਆ ਕਿ ਐਤਵਾਰ ਦੀ ਸਵੇਰੇ ਆਯੋਜਕਾਂ ਨੇ ਸ਼ੋਅ ਰੱਦ ਹੋਣ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਅਸੀਂ ਭਰੋਸਾ ਦਿਵਾਇਆ ਸੀ ਕਿ ਮੋਹਾਲੀ ਪੁਲਸ ਪੂਰੀ ਸੁਰੱਖਿਆ ਦੇਵੇਗੀ ਪਰ ਗੱਲ ਨਹੀਂ ਬਣੀ।
ਸ਼ਨੀਵਾਰ ਰਾਤ ਹੋਇਆ ਸੀ ਪਰਮੀਸ਼ ਵਰਮਾ ਦਾ ਸ਼ੋਅ
ਸ਼ਨੀਵਾਰ ਰਾਤ ਨੂੰ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ। ਸੁਨੰਦਾ ਸ਼ਰਮਾ ਨੇ 'ਬੁਲੇਟ ਤਾਂ ਰੱਖਿਆ ਪਟਾਕੇ ਪੋਣ ਨੂੰ', ਜਦੋਂਕਿ ਪਰਮੀਸ਼ ਵਰਮਾ ਨੇ 'ਚਾਰ ਪੈੱਗ' ਗੀਤ ਗਾਇਆ। ਇਨ੍ਹਾਂ ਗੀਤਾਂ ਦੀ ਸ਼ਿਕਾਇਤ ਪ੍ਰੋਫੈਸਰ ਪੰਡਿਤ ਰਾਵ ਧਨੇਰਵਰ ਨੇ ਕੀਤੀ ਹੈ। ਐੱਸ. ਐੱਸ. ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਪ੍ਰੇਸ਼ਾਨ ਨਾ ਹੋਣ ਫੈਨਜ਼, ਟਿਕਟ ਦੇ ਪੈਸੇ ਵਾਪਸ ਦੇਣਗੇ : ਸੋਨੂੰ ਸੇਠੀ
ਸ਼ੋਅ ਦੇ ਸਪੋਂਸਰ ਸਮਾਜਸੇਵੀ ਸੋਨੂੰ ਸੇਠੀ ਨੇ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਜਿਹੜੇ ਦਰਸ਼ਕਾਂ ਨੇ ਟਿਕਟ ਤੇ ਵੀ. ਆਈ. ਪੀ. ਪਾਸ ਲਈ ਪੈਸੇ ਖਰਚ ਕੀਤੇ ਹਨ, ਉਹ ਆਪਣੇ ਪੈਸੇ ਸੇਠੀ ਢਾਬਾ ਜੀਰਕਪੁਰ ਤੇ ਡੇਰਾਬੱਸੀ 'ਚ ਲੈ ਸਕਦੇ ਹਨ।