ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਹਾਰਡ ਕੌਰ ਸੋਸ਼ਲ ਮੀਡੀਆ 'ਤੇ ਆਪਣੀਆਂ ਵਿਵਾਦਿਤ ਪੋਸਟਸ ਦੇ ਚਲਦਿਆਂ ਰੱਜ ਕੇ ਟਰੋਲ ਹੋ ਰਹੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਤੋਂ ਬਾਅਦ ਇਕ ਕਈ ਅਜਿਹੀਆਂ ਪੋਸਟਸ ਅਪਲੋਡ ਕੀਤੀਆਂ ਹਨ, ਜਿਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ। ਹਾਰਡ ਕੌਰ ਪਹਿਲਾਂ ਵੀ ਵੱਖ-ਵੱਖ ਸੈਲੇਬ੍ਰਿਟੀਜ਼, ਰਾਜਨੇਤਾਵਾਂ ਨੂੰ ਲੈ ਕੇ ਅਜਿਹੀਆਂ ਪੋਸਟਸ ਲਿਖ ਚੁੱਕੀ ਹੈ ਪਰ ਇਸ ਵਾਰ ਯੋਗੀ ਆਦਿਤਿਆਨਾਥ ਤੇ ਮੋਹਨ ਭਾਗਵਤ 'ਤੇ ਉਸ ਦੀਆਂ ਟਿੱਪਣੀਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਸ ਨੂੰ ਖੂਬ ਨਿੰਦਿਆ ਜਾ ਰਿਹਾ ਹੈ।
ਹਾਰਡ ਕੌਰ ਨੇ ਮੋਹਨ ਭਾਗਵਤ ਨੂੰ ਨਾ ਸਿਰਫ ਜਾਤੀਵਾਦੀ ਕਿਹਾ, ਸਗੋਂ ਦੇਸ਼ 'ਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ ਲਈ ਵੀ ਉਸ ਨੂੰ ਤੇ ਉਸ ਦੇ ਸੰਗਠਨ ਆਰ. ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ। ਫਿਰ ਭਾਵੇਂ ਉਹ 26/11 ਦਾ ਮੁੰਬਈ ਹਮਲਾ ਹੋਵੇ ਜਾਂ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਹਮਲਾ।
ਹਾਰਡ ਕੌਰ ਨੇ 'Who killed Karkare' ਨਾਂ ਦੀ ਕਿਤਾਬ ਦੇ ਫਰੰਟ ਪੇਜ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਐੱਸ. ਐੱਮ. ਮੁਸ਼ਰਿਫ ਨੇ ਲਿਖਿਆ ਹੈ। ਜ਼ਿਕਰਯੋਗ ਹੈ ਕਿ ਐਂਟੀ ਟੈਰੇਰਿਸਟ ਸਕੁਏਡ ਦੇ ਚੀਫ ਹੇਮੰਤ ਕਰਕਰੇ ਦਾ ਸਾਲ 2008 'ਚ ਪਾਕਿਸਤਾਨੀ ਅੱਤਵਾਦੀਆਂ ਨੇ 26/11 ਦੇ ਹਮਲੇ 'ਚ ਕਤਲ ਕਰ ਦਿੱਤਾ ਸੀ।
ਹਾਰਡ ਕੌਰ ਨੇ ਗੌਰੀ ਲੰਕੇਸ਼ ਮਰਡਰ ਕੇਸ ਬਾਰੇ ਵੀ ਟਿੱਪਣੀ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ ਵੀ ਗਾਲ੍ਹਾਂ ਲਿਖੀਆਂ ਹਨ।
ਲੋਕ ਉਸ ਦੀਆਂ ਇਨ੍ਹਾਂ ਪੋਸਟਸ ਤੇ ਉਸ ਦੀ ਭਾਸ਼ਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਸ ਨੇ ਨਾ ਸਿਰਫ ਆਪਣੀਆਂ ਪੋਸਟਸ 'ਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ, ਸਗੋਂ ਜਿਨ੍ਹਾਂ ਲੋਕਾਂ ਨੇ ਪੋਸਟਸ 'ਤੇ ਕੁਮੈਂਟ ਕੀਤੇ ਹਨ, ਉਨ੍ਹਾਂ ਨੂੰ ਜਵਾਬ ਦਿੰਦਿਆਂ ਵੀ ਹਾਰਡ ਕੌਰ ਨੇ ਗਾਲ੍ਹਾਂ ਲਿਖੀਆਂ ਹਨ। ਜਿਥੇ ਜ਼ਿਆਦਾਤਰ ਲੋਕਾਂ ਨੇ ਹਾਰਡ ਕੌਰ ਦੀ ਨਿੰਦਿਆ ਕੀਤੀ ਹੈ, ਉਥੇ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਉਸ ਦੇ ਇਸ ਸਟੈਂਡ ਦੀ ਤਾਰੀਫ ਕੀਤੀ ਹੈ।