ਜਲੰਧਰ (ਵੈੱਬ ਡੈਸਕ) - ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ਕਾਰਨ ਸਿੱਖ ਕੌਮ ਉ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਦਿਹਾਂਤ 'ਤੇ ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਨਿਰਮਲ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟਾਉਂਦਿਆਂ ਲਿਖਿਆ, ''ਸਤਿਗੁਰੂ ਕੀ ਸੇਵਾ ਸਫਲ ਹੈ, ਜੋ ਕੋ ਕਰੈ ਚਿੱਤ ਲਾਏ, ਗੁਰਬਾਣੀ ਦਾ ਇਹ ਸ਼ਲੋਕ ਉਨ੍ਹਾਂ ਲੋਕਾਂ ਲਈ ਹਮੇਸ਼ਾ ਸਾਰਥਕ ਸਾਬਿਤ ਹੁੰਦਾ ਹੈ, ਜੋ ਸਤਿਗੁਰੂ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ। ਜਿਹੜੇ ਵੀ ਇਨਸਾਨ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਉਸਦੀ ਸੇਵਾ ਜ਼ਰੂਰ ਸਫਲ ਹੁੰਦੀ ਹੈ। ਸਤਿਗੁਰੂ ਤਾਂ ਸਾਡੀ ਪਲ-ਪਲ ਰਖਵਾਲੀ ਕਰਦੇ ਹਨ। ਇਹੀ ਨਹੀਂ ਜਦੋਂ ਸਤਿਗੁਰੂ ਦਾ ਸਾਥ ਹੋਵੇ ਤਾਂ ਹਰ ਮੁਸ਼ਕਿਲ ਅਸਾਨ ਹੋ ਜਾਂਦੀ ਹੈ।''
ਇਸੇ ਤਰ੍ਹਾਂ ਸਤਿਗੁਰੂ ਦੀ ਸੇਵਾ ਨੂੰ ਸਮਰਪਿਤ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ। ਉਹ ਨਿਰਮਲ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸਾਰੀ ਉਮਰ ਗੁਰਮਤ ਦੀ ਸੇਵਾ ਲਈ ਕੀਤੀ। ਭਾਈ ਨਿਰਮਲ ਦਾ ਜਨਮ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੰਡਵਾਲਾ ਭੀਮਸ਼ਾਹ ਵਿਚ 12 ਅਪ੍ਰੈਲ 1952 ਨੂੰ ਹੋਇਆ।ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਵਿਚ ਹੀ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰਮਤ ਸੰਗੀਤ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਡਿਪਲੋਮਾਕੀਤਾ। ਭਾਈ ਨਿਰਮਲ ਸਿੰਘ ਖਾਲਸਾ ਨੇ ਗੁਰਮਤ ਕਾਲਜ ਵਿਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਸਨ।