ਜਲੰਧਰ (ਬਿਊਰੋ)— ਫਤਿਹਵੀਰ ਦੀ ਮੌਤ ਨਾਲ ਪੂਰੇ ਪੰਜਾਬ 'ਚ ਸੋਗ ਹੈ। ਉਸ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 20 ਜੂਨ ਨੂੰ ਹੋਵੇਗੀ। ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਦੁੱਖ ਵੰਡਾਉਣ ਲਈ ਅੱਜ ਪੰਜਾਬੀ ਗਾਇਕ ਕੰਵਰ ਗਰੇਵਾਲ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਫਤਿਹ ਦੇ ਪਿਤਾ ਤੇ ਦਾਦੇ ਨਾਲ ਦੁੱਖ ਸਾਂਝਾ ਕੀਤਾ। ਕੰਵਰ ਦੇ ਨਾਲ ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਤੇ ਪਿੰਡ ਦੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਫਤਿਹਵੀਰ ਦੀ ਮੌਤ ਨਾਲ ਕਈ ਪੰਜਾਬੀ ਗਾਇਕ ਦੁਖੀ ਹਨ। ਵੱਖ-ਵੱਖ ਗਾਇਕਾਂ ਵਲੋਂ ਸੋਸ਼ਲ ਮੀਡੀਆ 'ਤੇ ਫਤਿਹ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਗਿਆ ਹੈ, ਉਥੇ ਕੰਵਰ ਗਰੇਵਾਲ ਨੇ ਪਰਿਵਾਰ ਨਾਲ ਮਿਲ ਕੇ ਫਤਿਹਵੀਰ ਦੀ ਮੌਤ ਦਾ ਦੁੱਖ ਵੰਡਾਇਆ।
ਫਤਿਹਵੀਰ 6 ਜੂਨ ਨੂੰ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਬੋਰਵੈੱਲ 'ਚ ਖੇਡਦੇ ਸਮੇਂ ਡਿੱਗ ਗਿਆ ਸੀ, ਜਿਸ ਨੂੰ 11 ਜੂਨ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ। ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਦੀ ਮੌਤ ਦਮ ਘੁਟਣ ਨਾਲ ਹੋਈ।