FacebookTwitterg+Mail

ਸਾਵਧਾਨ! 'ਕੌਨ ਬਨੇਗਾ ਕਰੋੜਪਤੀ' ਦੇ ਨਾਂ ਦੀ ਕਾਲ ਕਰ ਸਕਦੀ ਹੈ ਤੁਹਾਨੂੰ ਕੰਗਾਲ

kaun banega crorepati
12 October, 2018 01:49:45 PM

ਚੰਡੀਗੜ੍ਹ (ਬਿਊਰੋ)— 'ਕੌਨ ਬਨੇਗਾ ਕਰੋੜਪਤੀ' ਦੇ ਨਾਂ 'ਤੇ ਧੋਖੇਬਾਜ਼ਾਂ ਨੇ ਪੰਜਾਬ 'ਚ 150 ਤੋਂ ਵੱਧ ਲੋਕਾਂ ਨੂੰ ਲੱਖਪਤੀ ਬਣਾਉਣ ਦਾ ਸੁਪਨਾ ਦਿਖਾ ਕੇ ਠੱਗ ਲਿਆ। ਇਸ ਮਾਮਲੇ 'ਚ ਕਈ ਕੇਸ ਪੁਲਸ ਦੀ ਡਾਇਰੀ 'ਚ ਦਰਜ ਹੋ ਚੁੱਕੇ ਹਨ ਪਰ ਬਹੁਤ ਸਾਰੇ ਲੋਕ ਤਾਂ ਇਸ ਦੀ ਸ਼ਿਕਾਇਤ ਵੀ ਨਹੀਂ ਕਰਦੇ। ਸਾਰਿਆ ਦਾ ਠੱਗਣ ਦਾ ਤਰੀਕਾ ਇਕੋਂ ਜਿਹਾ ਹੈ। ਹਮੇਸ਼ਾ ਇਹੀ ਕਿਹਾ ਜਾਂਦਾ ਹੈ ਕਿ ਤੁਹਾਡੇ ਮੋਬਾਈਲ 'ਤੇ ਕਾਲ ਆਵੇਗੀ ਤੇ ਕਿਹਾ ਜਾਵੇਗਾ ਕਿ ਕੇ. ਬੀ. ਸੀ. ਤੋਂ ਬੋਲ ਰਿਹਾ ਹਾਂ। ਅਮਿਤਾਭ ਬੱਚਨ ਅਤੇ ਮੋਦੀ ਸਰਕਾਰ ਨੇ 5000 'ਚੋਂ 25 ਮੋਬਾਈਲ ਨੰਬਰ ਸਲੈਕਟ ਕੀਤੇ ਹਨ, ਜਿਨ੍ਹਾਂ 'ਚੋਂ ਤੁਹਾਡਾ ਮੋਬਾਈਲ ਨੰਬਰ ਵੀ ਹੈ। ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਹੈ। ਇਨਾਮ ਦੀ ਰਾਸ਼ੀ ਤੁਸੀਂ ਕਿਸੇ ਵੀ ਬੈਂਕ ਦੀ ਬਰਾਂਚ 'ਚ ਜਾ ਕੇ ਪ੍ਰਾਪਤ ਕਰ ਸਕਦੇ ਹੋ ਪਰ ਰਕਮ ਪਾਉਣ ਲਈ ਤੁਹਾਨੂੰ ਟੈਕਸ ਅਦਾ ਕਰਨਾ ਪਵੇਗਾ। ਕਿੰਨਾ ਟੈਕਸ ਦੇਣਾ ਪਵੇਗਾ ਪੁੱਛਣ 'ਤੇ ਦੱਸਿਆ ਜਾਂਦਾ ਹੈ ਕਿ 24350 ਰੁਪਏ ਐਕਸਿਸ ਬੈਂਕ ਦੀ ਮੁੰਬਈ ਸ਼ਾਖਾ ਦੇ ਇਕ ਅਕਾਊਂਟ 'ਚ ਜਮਾ ਕਰਾਉਣੇ ਪੈਣਗੇ।

ਜੇਕਰ ਤੁਸੀਂ ਲਾਲਚ 'ਚ ਉਨ੍ਹਾਂ ਦੇ ਅਕਾਊਂਟ 'ਚ 24350 ਰੁਪਏ ਜਮਾ ਕਰਵਾ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਤੋਂ ਫੋਨ ਆਵੇਗਾ ਤੇ ਕਿਹਾ ਜਾਵੇਗਾ ਕਿ ਤੁਹਾਡੇ ਟੈਕਸ ਦੇ ਪੈਸੇ ਮਿਲ ਚੁੱਕੇ ਹਨ। ਇਸ ਲਈ ਧੰਨਵਾਦ। ਹੁਣ ਤੁਹਾਡੇ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ 80 ਹਜ਼ਾਰ ਰੁਪਏ ਅਤੇ ਸਰਕਾਰ ਨੂੰ ਦੇਣ ਲਈ ਬੈਂਕ ਖਾਤੇ 'ਚ ਜਮਾ ਕਰਾਉਣੇ ਹੋਣਗੇ। ਲੋਕ 80 ਹਜ਼ਾਰ ਰੁਪਏ ਵੀ ਜਮਾ ਕਰਵਾ ਦਿੰਦੇ ਹਨ ਪਰ ਕਈ ਲੋਕਾਂ ਨੂੰ ਠੱਗੀ ਦਾ ਅਹਿਸਾਸ ਹੋਣ 'ਤੇ ਜਦੋਂ ਆਪਣੇ ਪੈਸੇ ਵਾਪਸ ਮੰਗਦੇ ਹਨ ਤਾਂ ਉਹ ਠੱਗ ਟਾਲ-ਮਟੋਲ ਕਰਦੇ ਹੋਏ ਫੋਨ ਬੰਦ ਕਰ ਦਿੰਦੇ ਹਨ। ਉਸ ਤੋਂ ਬਾਅਦ ਨਾ ਤਾਂ ਠੱਗਾਂ ਦਾ ਪਤਾ ਚੱਲਦਾ ਹੈ ਅਤੇ ਨਾ ਹੀ ਪੈਸੇ ਵਾਪਸ ਮਿਲਦੇ ਹਨ। ਸਟੇਟ ਸਾਈਬਰ ਸੇਲ ਦੇ ਏ. ਆਈ. ਜੀ. ਇੰਦਰਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਠੱਗੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਕੁਝ ਹੀ ਦਿਨਾਂ 'ਚ ਰਾਜਾਂ ਤੋਂ ਕਰੀਬ 150 ਤੋਂ ਜ਼ਿਆਦਾ ਸ਼ਿਕਾਇਤਾਂ ਆ ਚੁੱਕੀਆਂ ਹਨ। ਪੁਲਸ ਮੁਤਾਬਕ ਇਸ ਗੈਂਗ ਦੇ ਮੈਂਬਰ ਵਟਸਐਪ ਗਰੁੱਪ ਹੈਕ ਕਰ ਕੇ ਲੋਕਾਂ ਦਾ ਡਾਟਾ ਅਤੇ ਉਨ੍ਹਾਂ ਦੀਆਂ ਤਸਵੀਰਾਂ ਚੁਰਾਉਂਦਾ ਹੈ ਅਤੇ ਉਨ੍ਹਾਂ ਨੂੰ ਲਾਟਰੀ ਦੇ ਕਾਗਜ਼ਾਂ 'ਤੇ ਇਸਤੇਮਾਲ ਕਰਦਾ ਹੈ ਤਾਂ ਕਿ ਸੁਣਨ ਵਾਲੇ ਨੂੰ ਉਨ੍ਹਾਂ 'ਤੇ ਪੂਰਾ ਯਕੀਨ ਹੋ ਜਾਵੇ।


ਡੇਰਾ ਬੱਸੀ 'ਚ ਦਰਜ ਹੋਇਆ ਪਹਿਲਾ ਕੇਸ, ਫਿਰ ਦਰਜ ਹੋਣੇ ਸ਼ੁਰੂ ਹੋਏ ਕੇਸ
ਪਹਿਲਾ ਠੱਗੀ ਦਾ ਕੇਸ ਡੇਰਾ ਬੱਸੀ 'ਚ ਦਰਜ ਹੋਇਆ। ਡੇਰਾ ਬੱਸੀ ਦੇ ਸੰਜੀਵ ਨੂੰ ਜੋ ਲਾਟਰੀ ਦੇ ਡਾਕਿਊਮੈਂਟਰੀ ਵਟਸਐਪ 'ਤੇ ਭੇਜੇ ਗਏ, ਉਨ੍ਹਾਂ 'ਤੇ ਉਸ ਦੀ ਭੈਣ ਦੀ ਤਸਵੀਰ ਲੱਗੀ ਸੀ ਤੇ ਕਈ ਸਟੈਂਪਸ ਨਾਲ-ਨਾਲ ਸਾਈਨ ਵੀ ਹੋਏ ਸਨ। ਇਨ੍ਹਾਂ 'ਚ ਕੇ. ਬੀ. ਸੀ. ਦੀ ਸਟੈਂਪ ਵੀ ਸੀ। ਫਿਰ ਫੋਨ ਆਇਆ ਕਿ 'ਕੌਨ ਬਨੇਗਾ ਕਰੋੜਪਤੀ' 'ਤੋਂ ਬੋਲ ਕਿਹਾ ਹਾਂ। ਤੁਹਾਡੇ ਨੰਬਰ 'ਤੇ 25 ਲੱਖ ਦੀ ਲਾਟਰੀ ਨਿਕਲੀ ਹੈ। ਟੈਕਸ ਲਈ 24350 ਰੁਪਏ ਜਮਾ ਕਰਾਓ। ਅਜਿਹਾ ਕਰਨ 'ਤੇ 80 ਹਜ਼ਾਰ ਰੁਪਏ ਹੋਰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮਸਲਾ ਸਮਝ 'ਚ ਆਉਣ 'ਤੇ ਰੁਪਏ ਨਹੀਂ ਜਮਾ ਕਰਾਏ ਅਤੇ 24350 ਰੁਪਏ ਵੀ ਵਾਪਸ ਮੰਗੇ ਤਾਂ ਨਹੀਂ ਵਾਪਸ ਕੀਤੇ ਗਏ। ਪੀੜਤ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਹੈ। ਸਾਈਬਰ ਕ੍ਰਾਈਮ ਦੇ ਏ. ਆਈ. ਜੀ. ਇੰਦਰਬੀਰ ਸਿੰਘ ਨੇ ਦੱਸਿਆ ਕਿ ਕਈ ਸ਼ਿਕਾਇਤਾਂ ਆਈਆਂ ਹਨ। ਕਿਸੇ ਲਾਲਚ 'ਚ ਨਾ ਫਸੋ।


ਭਰੋਸੇ ਲਈ ਭੇਜ ਰਹੇ ਕੇ. ਬੀ. ਸੀ. ਦੀ ਵੀਡੀਓ ਕਲੀਪਿੰਗ
ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਕੇ. ਬੀ. ਸੀ. ਦੀ ਕਲਿੱਪ ਨੂੰ ਇਹ ਠੱਗ ਐਡਿਟ ਕਰਕੇ ਭੇਜਦੇ ਹਨ। ਇਸ 'ਚ ਅਮਿਤਾਭ ਬੱਚਨ ਪਿੱਛੇ ਨਜ਼ਰ ਆ ਰਹੇ ਹਨ। ਸਕ੍ਰੀਨ 'ਤੇ ਉਸ ਵਿਅਕਤੀ ਨੂੰ ਮੋਬਾਈਲ ਨੰਬਰ ਨਜ਼ਰ ਆਉਂਦਾ ਹੈ, ਜਿਸ ਨੂੰ ਕਲੀਪਿੰਗ ਭੇਜੀ ਗਈ ਹੈ। ਮਹਿਲਾ ਐਂਕਰ ਦੱਸਦੀ ਹੈ ਕਿ 50 ਹਜ਼ਾਰ ਮੋਬਾਈਲ ਨੰਬਰਸ 'ਚੋਂ 25 ਨੰਬਰ ਸਿਲੈਕਟ ਕੀਤੇ ਗਏ ਹਨ, ਜਿਨ੍ਹਾਂ 'ਚ ਇਹ ਨੰਬਰ ਵੀ ਸ਼ਾਮਲ ਹਨ। ਇਸ ਤਰ੍ਹਾਂ ਅਮਿਤਾਭ ਬੱਚਨ ਅਤੇ ਕੇ. ਬੀ. ਸੀ. ਦੇ ਨਾਂ 'ਤੇ ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਠੱਗਿਆ ਜਾ ਰਿਹਾ ਹੈ। ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦਾ 25 ਲੱਖ ਦਾ ਇਨਾਮ ਕੱਢਿਆ ਹੈ। ਇਸ ਨੂੰ ਲੈਣ ਲਈ ਟੈਕਸ ਅਦਾ ਕਰਨਾ ਹੋਵੇਗਾ। ਲਾਲਚ 'ਚ ਆ ਕੇ ਵਿਅਕਤੀ ਟੈਕਸ ਅਦਾ ਕਰਨ ਨੂੰ ਤਿਆਰ ਹੋ ਜਾਂਦਾ ਹੈ।


ਮੋਹਾਲੀ ਅਤੇ ਜੀਰਕਪੁਰ 'ਚ ਠੱਗੀ ਤੋਂ ਬਚੀਆਂ ਕੁੜੀਆਂ, ਦਰਜ ਕਰਾਈ ਸ਼ਿਕਾਇਤ
ਮੋਹਾਲੀ ਦੀ ਜਿਓਤੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨਾਲ ਵੀ ਅਜਿਹੀ ਹੀ ਠੱੱਗੀ ਹੋਈ ਹੈ। ਉਨ੍ਹਾਂ ਨੂੰ ਮੋਬਾਈਲ ਫੋਨ 'ਤੇ ਕਾਲ ਕਰਕੇ ਕਿਸੇ ਨੇ ਇਸ ਤਰ੍ਹਾਂ 25 ਲੱਖ ਰੁਪਏ ਦੀ ਲਾਟਰੀ ਨਿਕਲਣ ਤੇ ਟੈਕਸ ਦੇਣ ਦੀ ਗੱਲ ਕਹੀ। ਪਹਿਲਾਂ ਉਸ ਨੇ ਸੋਚਿਆ ਕਿ ਉਹ ਟੈਕਸ ਦੇ ਪੈਸੇ ਭਰ ਦੇਣ ਪਰ ਫਿਰ ਸੋਚਿਆ ਕਿ 'ਕੌਨ ਬਨੇਗਾ ਕਰੋੜਪਤੀ' 'ਚ ਕਦੇ ਅਪਲਾਈ ਨਹੀਂ ਕੀਤਾ ਤਾਂ ਉਸ ਦਾ ਨੰਬਰ ਉਨ੍ਹਾਂ ਦੇ ਕੋਲ ਕਿਵੇਂ ਪਹੁੰਚਿਆ। ਸ਼ੱਕ ਹੋਣ 'ਤੇ ਉਸ ਨੇ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਿੱਤੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਜੀਰਕਪੁਰ ਦੀ ਕੰਚਨ ਨੇ ਵੀ ਕਿਹਾ ਕਿ ਉਸ ਨਾਲ ਵੀ ਇਸੇ ਤਰ੍ਹਾਂ ਦੀ ਠੱਗੀ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਧੋਖੇ 'ਚ ਨਹੀਂ ਆਈ। 


Tags: Kaun Banega CrorepatiGame ShowCheating Case CallFIR

Edited By

Chanda Verma

Chanda Verma is News Editor at Jagbani.