ਮਾਨਸਾ/ਬੁਢਲਾਡਾ,(ਮਿੱਤਲ/ਮਨਜੀਤ)- ਅੱਜ-ਕੱਲ੍ਹ ਪੰਜਾਬੀ ਗਾਇਕੀ ਦੇ ਅੰਬਰ ਤੇ ਮਾਨਸਾ ਦੇ ਗਾਇਕ ਛਾਏ ਹੋਏ ਹਨ। ਗਾਇਕੀ ਦੇ ਖੇਤਰ ਵਿੱਚ ਇਨ੍ਹਾਂ ਗੱਭਰੂਆਂ ਨੇ ਦਿਨਾਂ ਵਿੱਚ ਨਾਮ ਹੀ ਨਹੀਂ ਕਮਾਇਆ ਬਲਕਿ ਸੰਗੀਤ ਜਗਤ ਵਿੱਚ ਨਵੇਂ ਅਤੇ ਮਸ਼ਹੂਰ ਗੀਤ ਦੇ ਕੇ ਆਪਣੀ ਅਵਾਜ ਦਾ ਲੋਹਾ ਵੀ ਮਨਵਾਇਆ ਹੈ। ਸਿੱਧੂ ਮੂਸੇਵਾਲਾ, ਆਰ.ਨੇਤ ਤੋਂ ਬਾਅਦ ਮਾਨਸਾ ਦੇ ਪਿੰਡ ਕੋਰਵਾਲਾ ਦੇ ਗਾਇਕ ਕੋਰਵਾਲਾ ਮਾਨ ਅੱਜ-ਕੱਲ੍ਹ ਪੂਰੀ ਤਰ੍ਹਾਂ ਧੂਮਾਂ ਪਾ ਰਿਹਾ ਹੈ। ਉਸ ਦਾ ਗੀਤ ਨੌਜਵਾਨਾਂ ਮੁੰਹ 'ਤੇ ਹੈ ਅਤੇ ਬੇਸਬਰੀ ਨਾਲ ਉਸ ਦੇ ਆਉਣ ਵਾਲੇ ਗੀਤਾਂ ਦੀ ਉਡੀਕ ਕੀਤੀ ਜਾ ਰਹੀ ਹੈ। ਆਮ ਪਰਿਵਾਰ ਅਤੇ ਪੁਲਸ ਮੁਲਾਜਮ ਦਾ ਪੁੱਤਰ ਕੋਰਵਾਲਾ ਮਾਨ ਕਿਸੇ ਜਾਣ-ਪਛਾਣ ਦਾ ਮੋਹਤਾਜ ਨਹੀਂ ਹੈ। ਸ਼ੋਂਕ ਵਜੋਂ ਗਾਇਕੀ ਦੇ ਮੈਦਾਨ 'ਚ ਕੁੱਦਿਆ ਇਹ ਗਾਇਕ ਮਧੁਰ ਅਵਾਜ ਮਿੱਠੇ ਬੋਲਾਂ ਅਤੇ ਰੋਮਾਂਟਿਕ ਗੀਤਾਂ ਦਾ ਵੱਖਰਾ ਗਾਇਕ ਬਣ ਕੇ ਨੌਜਵਾਨਾਂ ਦੀ ਧੜਕਣ ਬਣਿਆ ਹੋਇਆ ਹੈ। ਅਹਿੰਸਾ ਅਤੇ ਮਾਰ-ਧਾੜ ਵਾਲੇ ਗੀਤਾਂ ਤੋਂ ਦੂਰ ਉਹ ਰੋਮਾਂਟਿਕ ਅਤੇ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਨੂੰ ਤਰਜੀਹ ਦਿੰਦਾ ਹੈ। ਕੋਰਵਾਲੇ ਮਾਨ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਪ੍ਰਸਿੱਧੀ ਪਾਉਣ ਲਈ ਗੀਤ ਨਹੀਂ ਗਾਏ ਅਤੇ ਨਾ ਹੀ ਸਾਰੀ ਉਮਰ ਅਜਿਹੇ ਗੀਤਾਂ ਨੂੰ ਆਪਣੇ ਬੋਲ ਦੇਵੇਗਾ ਜੋ ਸਮਾਜ ਵਿੱਚ ਕਿਸੇ ਤਰ੍ਹਾਂ ਦਾ ਵਿਗਾੜ ਲੈ ਕੇ ਆਉਣ। ਘੱਟ ਤੇ ਵਧੀਆ ਗਾਉਣਾ ਹੀ ਪੂਰੀ ਉਮਰ ਉਸ ਦੀ ਪ੍ਰਾਪਤੀ ਰਹੇਗੀ। ਟ੍ਰੈਕਟਰਾਂ ਅਤੇ ਮੋਟਰ ਗੱਡੀਆਂ ਵਿੱਚ ਕੋਰਵਾਲਾ ਮਾਨ ਦਾ ਗੀਤ “ਉਂਗਲੀ ਉੱਤੇ ਦਾਗ ਤਾਂ ਅੱਲੜ੍ਹੇ ਸਾਡੇ ਛੱਲੇ ਦਾ, ਮੁੰਦਰੀ ਦਾ ਮੈਂ ਨਾਪ ਤੂੰ ਸੁਣਿਆ ਦੇ ਗਈ ਗੈਰਾਂ ਨੂੰ“ ਬਹੁਤ ਚੱਲ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਗਾਇਕੀ ਨੂੰ ਇੱਕ ਸੇਵਾ ਮੰਨ ਕੇ ਉਹ ਵਧੀਆ ਗੀਤ ਗਾਉਣ ਵਾਲੇ ਪਾਸੇ ਜਾਵੇਗਾ, ਉਸ ਨੇ ਕਦੇ ਵੀ ਅਹਿੰਸਾ ਅਤੇ ਅਸ਼ਲੀਲ ਗੀਤਾਂ ਨੂੰ ਨਾ ਕਦੇ ਸੁਣਿਆ ਹੈ ਅਤੇ ਨਾ ਹੀ ਖੁਦ ਗਾਉਣ ਦੀ ਸੋਚੀ ਹੈ। ਉਸ ਨੇ ਕਿਹਾ ਕਿ ਕੁਦਰਤ ਨੇ ਉਸ ਨੂੰ ਮਿੱਠੀ ਅਵਾਜ ਦਿੱਤੀ ਅਤੇ ਸੀਮਿਤ ਸਰੋਤੇ ਉਸ ਦੀ ਗਾਇਕੀ ਦੀ ਵੱਡੀ ਕਮਾਈ ਹਨ। ਉਹ ਬੇਸ਼ੱਕ ਗਾਇਕੀ ਦੇ ਸਿਖਰਲੇ ਪੜਾਅ ਉੱਤੇ ਪਹੁੰਚ ਜਾਵੇ। ਪਰ ਆਪਣਾ ਮੂਲ ਪਿਛੋੜਕ ਅਤੇ ਸੱਭਿਆਚਾਰ ਕਦੇ ਨਹੀਂ ਭੁੱਲੇਗਾ। ਉਸ ਨੇ ਦੱਸਿਆ ਕਿ ਉਸ ਦੇ ਅਨੇਕਾਂ ਗੀਤ ਆਉਣ ਲਈ ਤਿਆਰ ਹਨ ਅਤੇ ਸੰਭਵ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਪੰਜਾਬੀ ਪਰਦੇ 'ਤੇ ਵੀ ਆਵੇਗਾ। ਉਸ ਦੇ ਪਿਤਾ ਏ.ਐੱਸ.ਆਈ ਸੁਰਜੀਤ ਸਿੰਘ ਮਾਨਸਾ ਵਿਖੇ ਇੱਕ ਪੁਲਸ ਮੁਲਾਜਮ ਹਨ। ਕੋਰਵਾਲਾ ਮਾਨ ਅੱਜ-ਕੱਲ੍ਹ ਦੇਸ਼ ਤੇ ਛਾਏ ਸੰਕਟ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਤਰਫੋਂ ਗੁਪਤ ਤੌਰ ਤੇ ਸੰਭਵ ਸੇਵਾ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਟੀਮ ਮੈਂਬਰ ਪਰਮ ਚਹਿਲ, ਸ਼ੇਰਾ ਬੇਗੂ, ਇਕਬਾਲ ਮਾਨ ਵੀ ਮੌਜੂਦ ਸਨ।