ਚੰਡੀਗੜ੍ਹ (ਰਮਨਜੀਤ) – ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਗਲਵਾਰ ਨੂੰ ਸਦਨ ‘ਚ ਸਿਫਰ ਕਾਲ ਦੌਰਾਨ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਹਲਕੇ ਬਠਿੰਡਾ ਨਾਲ ਸਬੰਧਤ ਹੋਣਹਾਰ ਨੌਜਵਾਨ ਸੰਨੀ ਹਿੰਦੋਸਤਾਨੀ ਨੇ ‘ਇੰਡੀਅਨ ਆਈਡਲ‘ ਨਾਮਕ ਮੁਕਾਬਲਾ ਜਿੱਤਿਆ ਹੈ। ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਪੂਰੇ ਸਦਨ ਨੂੰ ਉਸ ਨੂੰ ਮੁਬਾਰਕਬਾਦ ਦੇਣੀ ਚਾਹੀਦੀ ਹੈ। ਇਸ ‘ਤੇ ਸਦਨ ‘ਚ ਮੌਜੂਦ ਸਾਰੇ ਵਿਧਾਇਕਾਂ ਨੇ ਮੇਜ਼ ਥਪਥਪਾ ਕੇ ਇਸ ਦਾ ਸਮਰਥਨ ਕੀਤਾ। ਨਾਲ ਹੀ ਖਜ਼ਾਨਾ ਮੰਤਰੀ ਨੇ ਕਿਹਾ ਕਿ ਉਹ ਸੰਨੀ ਨੂੰ ਬੁਲਾ ਕੇ ਮੁੱਖ ਮੰਤਰੀ ਤੋਂ ਸਨਮਾਨਤ ਕਰਾਉਣਗੇ ਅਤੇ ਜੇਕਰ ਜ਼ਰੂਰਤ ਹੋਈ ਤਾਂ ਉਸ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ।
ਦੱਸ ਦਈਏ ਕਿ ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੁੰਦਾ ਸੀ ਅਤੇ ਉਸ ਦੀ ਮਾਤਾ ਗੁਬਾਰੇ ਵੇਚਦੀ ਸੀ। ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ-ਸੁਣ ਕੇ ਮਿਊਜ਼ਿਕ ਸਿੱਖਿਆ। ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਤਿਭਾ ਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸੰਨੀ ਨੇ ਆਪਣੀ ਬੁਲੰਦ ਆਵਾਜ਼ ਨਾਲ ਸਭ ਨੂੰ ਮੁਰੀਦ ਬਣਾਇਆ ਹੋਇਆ।