ਜਲੰਧਰ (ਬਿਊਰੋ) - 13 ਅਪ੍ਰੈਲ 1991 ਦਾ ਮੰਜਰ, ਜਿਸ ਨੂੰ ਸੁਣਦੇ ਹੀ ਰੂਹ ਕੰਬ ਜਾਂਦੀ ਹੈ। ਇਸ ਦਰਦਨਾਕ ਸਾਕੇ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ ਪਰ ਇਹ ਮੰਜਰ ਹਾਲੇ ਵੀ ਕਈਆਂ ਦੇ ਜ਼ਹਿਨ ਵਿਚ ਤਾਜ਼ਾ ਹੈ। ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਦੀ ਇਸ ਘਟਨਾ ਨੂੰ ਸ਼ਾਇਦ ਹੀ ਕੋਈ ਹੂ-ਬ-ਹੂ ਬਿਆਨ ਕਰ ਸਕਦਾ ਹੋਵੇ ਕਿਉਂਕਿ ਇਸ ਖੂਨੀ ਕਾਂਡ ਨੇ ਹਜ਼ਾਰਾਂ ਬੇਗੁਨਾਵਾਂ ਨੂੰ ਮੌਤ ਦੀ ਨੀਂਦਰ ਸੁਲਾ ਦਿੱਤਾ ਸੀ। ਇਸ 100 ਸਾਲ ਦੌਰਾਨ ਕਈ ਫਿਲਮ ਮੇਕਰਾਂ ਨੇ ਇਸ ਨੂੰ ਫਿਲਮੀ ਪਰਦੇ 'ਤੇ ਦਿਖਾਉਣ ਦਾ ਹਿੱਲਾ ਕੀਤਾ। ਹਿੰਦੀ, ਪੰਜਾਬੀ, ਅੰਗਰੇਜੀ ਵਿਚ ਕਈ ਫਿਲਮਾਂ ਬਣੀਆਂ, ਜਿਸ ਵਿਚ ਇਸ ਖੌਫਨਾਕ ਤੇ ਖੂਨੀ ਮੰਜ਼ਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ। ਆਓ ਇਸ ਖਬਰ ਰਾਹੀਂ ਤੁਹਾਨੂੰ ਦਿਖਾਉਂਦੇ ਹਾਂ ਜਲ੍ਹਿਆਂਵਾਲੇ ਬਾਗ ਤੇ ਹੁਣ ਤੱਕ ਕਿਹੜੀਆਂ-ਕਿਹੜੀਆਂ ਫਿਲਮਾਂ ਬਣੀਆ ਹਨ :—
ਜਲ੍ਹਿਆਂਵਾਲਾ ਬਾਗ
ਬਾਲੀਵੁੱਡ ਐਕਟਰ ਵਿਨੋਦ ਖੰਨਾ ਨੂੰ ਲੈ ਕੇ ਸਾਲ 1977 ਵਿਚ ਬਣਾਈ ਗਈ ਇਸ ਫਿਲਮ ਦਾ ਨਾਂ 'ਜਲ੍ਹਿਆਂਵਾਲਾ ਬਾਗ' ਰੱਖਿਆ ਗਿਆ ਸੀ। ਇਸ ਹਿੰਦੀ ਫਿਲਮ ਨੂੰ ਬਲਰਾਜ ਤਾਹ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਸੀ। ਇਸ ਫਿਲਮ ਵਿਚ ਵਿਨੋਦ ਖੰਨਾ, ਪ੍ਰੀਕਸ਼ਿਤ ਸ਼ਾਹਨੀ, ਓਮ ਸ਼ਿਵਪੁਰੀ, ਰਾਮ ਮੋਹਨ, ਸੁਧੀਰ ਠਾਕੁਰ ਵਰਗੇ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਸੀ। ਗੁਲਜ਼ਾਰ ਦੀ ਲਿਖੀ ਇਹ ਕਹਾਣੀ ਪਰਦੇ 'ਤੇ ਤਾਂ ਪੇਸ਼ ਹੋਈ ਪਰ ਹਿੱਟ ਨਾ ਹੋ ਸਕੀ।
ਗਾਂਧੀ 1982
ਇਹ ਇਕ ਅੰਗਰੇਜ਼ੀ ਫਿਲਮ ਸੀ। ਬੇਸ਼ੱਕ ਇਹ ਫਿਲਮ ਮਹਾਤਮਾ ਗਾਂਧੀ ਜੀ 'ਤੇ ਬਣੀ ਸੀ ਪਰ ਇਸ ਫਿਲਮ ਵਿਚ ਆਜ਼ਾਦੀ ਦੀ ਜੰਗ ਦੇ ਵੱਖ-ਵੱਖ ਦ੍ਰਿਸ਼ ਦਿਖਾਏ ਗਏ ਸਨ, ਜਿਨ੍ਹਾਂ ਵਿਚੋਂ ਇਕ ਦ੍ਰਿਸ਼ ਜਲ੍ਹਿਆਂਵਾਲਾ ਬਾਗ ਦਾ ਵੀ ਸੀ। ਇਹ ਸੀਨ ਬਹੁਤ ਵਧੀਆ ਢੰਗ ਨਾਲ ਫਿਲਮਾਇਆ ਗਿਆ ਸੀ। ਅੰਗਰੇਜੀ ਫਿਲਮ ਹੋਣ ਦੇ ਬਾਵਜੂਦ ਇਸ ਫਿਲਮ ਨੂੰ ਸਰਾਹਿਆ ਗਿਆ ਤੇ ਇਹ ਫਿਲਮ ਹਿੱਟ ਹੋ ਗਈ ਸੀ। 1982 ਵਿਚ ਬਣੀ ਇਸ ਫਿਲਮ ਨੂੰ ਰਿਚਰਡ ਐਟਨਬਰੋ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਸੀ।
ਸ਼ਹੀਦ ਊਧਮ ਸਿੰਘ
ਸਾਲ 2000 ਵਿਚ ਆਈ ਇਹ ਪੰਜਾਬੀ ਫਿਲਮ ਜਲ੍ਹਿਆਂਵਾਲਾ ਬਾਗ ਦੀ ਇਤਿਹਾਸਿਕ ਘਟਨਾ 'ਤੇ ਅਧਾਰਿਤ ਸੀ। ਇਸ ਫਿਲਮ ਵਿਚ ਰਾਜ ਬੱਬਰ, ਗੁਰਦਾਸ ਮਾਨ, ਸ਼ਤਰੂਘਨ ਸਿਨ੍ਹਾ, ਅਮਰੀਸ਼ ਪੁਰੀ ਤੇ ਜੂਹੀ ਚਾਵਲਾ ਨੇ ਅਹਿਮ ਭੂਮਿਕਾ ਨਿਭਾਈ ਸੀ। 'ਸ਼ਹੀਦ ਊਧਮ ਸਿੰਘ' ਫਿਲਮ ਵਿਚ ਦਿਖਾਇਆ ਗਿਆ ਸੀ ਕਿਸ ਤਰ੍ਹਾਂ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗਾ ਦੇ ਇਸ ਖੂਨੀ ਕਾਂਡ ਦਾ ਬਦਲਾ ਜਰਨਲ ਡਾਇਰ ਕੋਲੋਂ ਲਿਆ ਸੀ। ਇਸ ਬਦਲੇ ਲਈ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਆਈਆਂ, ਉਹ ਸਭ ਇਸ ਫਿਲਮ ਵਿਚ ਦਿਖਾਇਆ ਗਿਆ ਸੀ। ਇਹ ਫਿਲਮ ਵੀ ਕਾਫੀ ਹੱਦ ਤੱਕ ਹਿੱਟ ਰਹੀ।
ਦਿ ਲੀਜੈਂਡ ਆਫ ਭਗਤ ਸਿੰਘ
ਸਾਲ 2002 ਵਿਚ ਆਈ ਹਿੰਦੀ ਫਿਲਮ 'ਦਿ ਲੀਜੈਂਡ ਆਫ ਭਗਤ ਸਿੰਘ' ਬੇਸ਼ੱਕ ਭਗਤ ਸਿੰਘ 'ਤੇ ਅਧਾਰਿਤ ਸੀ ਪਰ ਇਸ ਫਿਲਮ ਵਿਚ ਕੁਝ ਦ੍ਰਿਸ਼ ਜਲ੍ਹਿਆਂਵਾਲਾ ਬਾਗ ਦੀ ਇਸ ਘਟਨਾ ਦੇ ਵੀ ਸਨ, ਜਿਸ ਵਿਚ ਇਸ ਖੂਨੀ ਕਾਂਡ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਫਿਲਮ ਵਿਚ ਅਜੈ ਦੇਵਗਨ, ਡੀ. ਸ਼ੰਤੋਸ਼, ਰਾਜ ਬੱਬਰ, ਅੰਮ੍ਰਿਤਾ ਰਾਓ ਤੇ ਮੁਕੇਸ਼ ਤਿਵਾੜੀ ਮੁੱਖ ਭੂਮਿਕਾ ਵਿਚ ਸਨ। ਸੁਪਰਹਿੱਟ ਰਹੀ ਇਸ ਫਿਲਮ ਨੂੰ ਕਈ ਨੈਸ਼ਨਲ ਤੇ ਫਿਲਮ ਫੇਅਰ ਐਵਾਰਡ ਵੀ ਮਿਲੇ। ਇਸ ਫਿਲਮ ਨੂੰ ਰਾਜ ਕੁਮਾਰ ਸੰਤੋਸ਼ੀ ਨੇ ਡਾਇਰੈਕਟ ਕੀਤਾ ਸੀ।
ਫਿਲੌਰੀ
ਸਾਲ 2017 ਵਿਚ ਆਈ ਇਹ ਹਿੰਦੀ ਫਿਲਮ ਬੇਸ਼ੱਕ ਰੋਮਾਂਟਿਕ ਫਿਲਮ ਸੀ ਪਰ ਇਸ ਫਿਲਮ ਵਿਚ ਵੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਦਿਖਾਇਆ ਗਿਆ ਸੀ। ਦਿਲਜੀਤ ਦੋਸਾਂਝ ਤੇ ਅਨੁਸ਼ਕਾ ਸ਼ਰਮਾ ਸਟਾਰਰ ਇਸ ਫਿਲਮ ਨੂੰ ਅਨਸ਼ਾਈ ਲਾਲ ਨੇ ਡਾਇਰੈਕਟ ਕੀਤਾ ਸੀ। ਇਹ ਫਿਲਮ ਵੀ ਜਲ੍ਹਿਆਂਵਾਲਾ ਬਾਗ ਦੀ ਇਸ ਘਟਨਾ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ।