FacebookTwitterg+Mail

ਨਸ਼ਿਆਂ ਖਿਲਾਫ ਜੰਗ 'ਚ ਅਭਿਨਵ ਬਿੰਦਰਾ, ਗਿੱਪੀ ਗਰੇਵਾਲ ਅਤੇ ਕਾਰਗਿਲ ਜਨਰਲ ਨੇ ਸਹਿਯੋਗ ਲਈ ਵਧਾਏ ਹੱਥ

nashe to azaadi challenge
18 August, 2018 02:19:30 PM

ਜਲੰਧਰ (ਧਵਨ)— ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਜੰਗ ਵਿਚ ਹੁਣ ਓਲੰਪਿਕ ਮੈਡਲ ਜੇਤੂ ਅਭਿਨਵ ਬਿੰਦਰਾ, ਗਾਇਕ ਅਤੇ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਅਤੇ ਕਾਰਗਿਲ ਵਿਚ ਲੜੀ ਗਈ ਜੰਗ ਦੇ ਨਾਇਕ ਜਨਰਲ ਵੇਦ ਮਲਿਕ ਨੇ ਵੀ ਸਹਿਯੋਗ ਲਈ ਹੱਥ ਅੱਗੇ ਵਧਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਜ਼ਾਦੀ ਦਿਹਾੜੇ ਮੌਕੇ ਨਸ਼ਿਆਂ ਦੇ ਖਿਲਾਫ ਇਕ ਹੋਰ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅਭਿਨਵ ਬਿੰਦਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦਿਆਂ ਲਿਖਿਆ ਹੈ ਕਿ ਹੁਣ ਉਨ੍ਹਾਂ ਦੇ ਸਾਹਮਣੇ ਇਕ ਹੋਰ ਟੀਚਾ ਹੈ, ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਨਾਲ ਜੁੜਿਆ ਹੋਇਆ ਹੈ। 

ਉਨ੍ਹਾਂ ਲਿਖਿਆ ਕਿ ਇਸ ਜੰਗ ਵਿਚ ਉਹ ਖੁਦ ਨੂੰ ਸ਼ਾਮਲ ਕਰ ਰਹੇ ਹਨ ਅਤੇ ਇਕ ਸਿਪਾਹੀ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਅਭਿਨਵ ਬਿੰਦਰਾ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਨਸ਼ਿਆਂ ਤੋਂ ਆਜ਼ਾਦੀ ਦਾ ਟੀਚਾ ਸਾਡੇ ਸਾਰਿਆਂ ਲਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਓਲੰਪਿਕ ਮੈਡਲ ਜੇਤੂ ਤੋਂ ਇਹ ਜਾਣ ਕੇ ਖੁਸ਼ੀ ਹੋਈ ਕਿ ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਅਪਣਾ ਲਿਆ ਹੈ। ਇਸੇ ਤਰ੍ਹਾਂ ਗਾਇਕ ਗਿੱਪੀ ਗਰੇਵਾਲ ਨੇ ਮੁੱਖ ਮੰਤਰੀ ਨੂੰ ਟਵੀਟ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਆਜ਼ਾਦੀ ਇਕ ਚੁਣੌਤੀ ਹੈ, ਜਿਸ ਨੂੰ ਉਹ ਸਵੀਕਾਰ ਕਰਦੇ ਹਨ। ਅਸੀਂ ਪੰਜਾਬ ਵਿਚ ਨਸ਼ਿਆਂ ਨੂੰ ਹਰਾਉਣਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਾ ਨਾ ਕਰਨ ਅਤੇ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦੇਣ।

ਮੁੱਖ ਮੰਤਰੀ ਨੇ ਗਿੱਪੀ ਗਰੇਵਾਲ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਗੀਤਾਂ ਅਤੇ ਫਿਲਮਾਂ ਨੂੰ ਸਾਰੇ ਪਸੰਦ ਕਰਦੇ ਹਨ ਅਤੇ ਹੁਣ ਤੁਸੀਂ ਨਸ਼ਿਆਂ ਤੋਂ ਆਜ਼ਾਦੀ ਨੂੰ ਚੁਣੌਤੀ ਦੇ ਰੂਪ 'ਚ ਲਿਆ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ। ਇਸ ਲਈ ਹੋਰ ਸਾਰੇ ਕਲਾਕਾਰਾਂ ਨੂੰ ਵੀ ਇਸ ਕੰਮ 'ਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਾਰਗਿਲ ਵਿਚ ਭਾਰਤ ਨੂੰ ਪਾਕਿਸਤਾਨ ਦੇ ਖਿਲਾਫ ਜਿੱਤ ਦੁਆਉਣ ਵਾਲੇ ਜਨਰਲ ਵੇਦ ਮਲਿਕ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਨੇ ਨਸ਼ਿਆਂ ਤੋਂ ਆਜ਼ਾਦੀ ਨੂੰ ਇਕ ਜੰਗ ਦੇ ਤੌਰ 'ਤੇ ਲਿਆ ਹੈ ਅਤੇ ਇਸ ਲਈ ਹੁਣ ਅਸੀਂ ਸਾਰਿਆਂ ਨੇ ਮਿਲ ਕੇ ਇਸ ਬੁਰਾਈ 'ਤੇ ਜਿੱਤ ਹਾਸਲ ਕਰਨੀ ਹੈ।

ਜਨਰਲ ਵੇਦ ਮਲਿਕ ਨੇ ਲਿਖਿਆ ਕਿ ਅੱਜ ਆਜ਼ਾਦੀ ਦਿਹਾੜੇ ਮੌਕੇ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲੈਂਦੇ ਹਨ। ਇਸੇ ਤਰ੍ਹਾਂ ਕਈ ਹੋਰ ਸ਼ਖਸੀਅਤਾਂ ਨੇ ਮੁੱਖ ਮੰਤਰੀ ਨੂੰ ਟਵੀਟ ਕਰ ਕੇ ਸਰਕਾਰ ਵਲੋਂ ਛੇੜੀ ਮੁਹਿੰਮ 'ਚ ਸ਼ਾਮਲ ਹੋਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।


Tags: Nashe To Azaadi ChallengeGippy GrewalAbhinav BindraVed Prakash MalikAmarinder Singh

Edited By

Chanda Verma

Chanda Verma is News Editor at Jagbani.