ਨਵਜੋਤ ਕੌਰ
ਇੰਨੀ ਦਿਨੀਂ ਯੂ-ਟਿਊਬ ਉੱਪਰ ਨੇ ਨਿਰਮਲ ਰਿਸ਼ੀ ਦੀ ਮੁੱਖ ਭੂਮਿਕਾ ਵਾਲੀ ਲਘੂ ਫ਼ਿਲਮ ‘ਨਜ਼ਰੀ ਨਾ ਆਵੇ’ ਰਿਲੀਜ਼ ਹੋਈ ਹੈ। ਇਹ ਫ਼ਿਲਮ ਕਈ ਪੱਖਾਂ ਤੋਂ ਬਹੁਤ ਮਹੱਤਵਪੂਰਨ ਹੈ ਇਸ ਫਿਲਮ ਰਾਹੀਂ ਅਸੀਂ ਅਦਾਕਾਰਾਂ ਦੇ ਫਰਜ਼ਾਂ ਦੀ ਗੱਲ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਨਿਰਮਲ ਰਿਸ਼ੀ ਪੰਜਾਬੀ ਅਦਾਕਾਰੀ ਖੇਤਰ ਦੇ ਸਭ ਤੋਂ ਸੀਨੀਅਰ ਅਦਾਕਾਰਾਂ ਵਿਚੋਂ ਇਕ ਹਨ। ਉਹ ਦੂਰਦਰਸ਼ਨ ਤੋਂ ਲੈ ਕੇ ਮੇਨਸਟਰੀਮ ਪੰਜਾਬੀ ਫ਼ਿਲਮਾਂ ਵਿਚ ਪ੍ਰਮੁੱਖ ਭੂਮਿਕਾਵਾਂ ਨਿਭਾਉਂਦੇ ਰਹਿੰਦੇ ਹਨ ਉਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਇਕ ਸਹਾਇਕ ਅਦਾਕਾਰਾ ਵਜੋਂ ਰਹੀ ਹੈ। ਇੱਥੇ ਇਹ ਗੱਲ ਕਰਨੀ ਬਣਦੀ ਹੈ ਕਿ ਫ਼ਿਲਮਾਂ ਦੇ ਮੁੱਖ ਅਦਾਕਾਰ ਤੇ ਸਹਾਇਕ ਅਦਾਕਾਰ ਕਿਸ ਤਰ੍ਹਾਂ ਕਲਾ ਅਤੇ ਸਮਾਜ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਮੁੱਖ ਅਦਾਕਾਰ ਆਪਣੀ ਸ਼ੌਹਰਤ ਅਤੇ ਚਮਕ ਦਮਕ ਕਰਕੇ ਫੀਚਰ ਫਿਲਮਾਂ ਹੀ ਕਰਦੇ ਹਨ ਅਤੇ ਵਧੇਰੇ ਕਰਕੇ ਉਨ੍ਹਾਂ ਦੀਆਂ ਫ਼ੀਚਰ ਫ਼ਿਲਮਾਂ ਮਨੋਰੰਜਨ ਲਈ ਅਤੇ ਪੈਸੇ ਲਈ ਬਣਦੀਆਂ ਹਨ ਇਸ ਲਈ ਉਹ ਆਪਣਾ ਸਮਾਜਿਕ ਯੋਗਦਾਨ ਪਾਉਣ ਤੋਂ ਪਿੱਛੇ ਰਹਿ ਜਾਂਦੇ ਹਨ ਜਦੋਂ ਕਿ ਸਹਾਇਕ ਅਦਾਕਾਰ ਮੁੱਖ ਫਿਲਮਾਂ ਦੇ ਨਾਲ ਨਾਲ ਲਘੂ ਫਿਲਮਾਂ ਰਾਹੀਂ ਆਪਣਾ ਸਮਾਜਿਕ ਯੋਗਦਾਨ ਵਧੇਰੇ ਤੇ ਬਾਖੂਬੀ ਪਾਉਂਦੇ ਹਨ। ਇਸ ਪੱਖ ਤੋਂ ਮਹਾਂਬੀਰ ਭੁੱਲਰ, ਸਰਦਾਰ ਸੋਹੀ, ਨਿਰਮਲ ਰਿਸ਼ੀ ਆਦਿ ਕਈ ਨਾਮ ਲਏ ਜਾ ਸਕਦੇ ਹਨ, ਜਿਹੜੇ ਪੰਜਾਬੀ ਔਰਤ ਭਾਰਤੀ ਸਿਨੇਮਾ ਦੇ ਮੁੱਖ ਚਿਹਰੇ ਵੀ ਹਨ ਅਤੇ ਆਪਣਾ ਸਮਾਜਿਕ ਫਰਜ਼ ਵੀ ਬਾਖ਼ੂਬੀ ਪਛਾਣਦੇ ਹਨ। ਇਸੇ ਤਰ੍ਹਾਂ ‘ਨਜ਼ਰੀ ਨਾ ਆਵੇ’ ਲਘੂ ਫਿਲਮ ਰਾਹੀਂ ਨਿਰਮਲ ਰਿਸ਼ੀ ਨੇ ਆਪਣਾ ਸਮਾਜਿਕ ਫਰਜ ਪਛਾਣਦਿਆਂ ਇਕ ਬਹੁਤ ਹੀ ਚੰਗਾ ਕੰਮ ਕੀਤਾ ਹੈ।
ਦੂਜਾ ਨੁਕਤਾ ਇਹ ਹੈ ਕਿ ਛੋਟੀਆਂ ਫਿਲਮਾਂ ਰਾਹੀਂ ਵੀ ਵੱਡੇ ਸੰਦੇਸ਼ ਦਿੱਤੇ ਜਾ ਸਕਦੇ ਹਨ ਅਤੇ ਅਕਸਰ ਛੋਟੀਆਂ ਫਿਲਮਾਂ ਹੀ ਸਮਾਜਿਕ ਸੰਦੇਸ਼ਾਂ ਨਾਲ ਵਧੇਰੇ ਜੁੜੀਆਂ ਹੁੰਦੀਆਂ ਹਨ। ਇਸ ਲਘੂ ਫਿਲਮ ਦੀ ਨਿਰਦੇਸ਼ਕ ਤੇ ਲੇਖਕ ਰੋਜ਼ ਗਿੱਲ ਹੈ. ਜੋ ਪੀ.ਸੀ.ਐੱਸ. ਦੇ 2014 ਬੈਚ ਦੀ ਚੁਣੀ ਹੋਈ ਪ੍ਰਸ਼ਾਸਨਿਕ ਅਧਿਕਾਰੀ ਹੈ। ਉਹ ਆਪਣੀਆਂ ਸਮਾਜਿਕ ਜ਼ਿੰਮਵਾਰੀਆਂ ਨੂੰ ਖੂਬ ਸਮਝਦੀ ਹੈ ਤੇ ਆਪਣੀ ਮਿਹਨਤ ਤੇ ਲਗਨ ਨਾਲ ਉਸ ਨੇ ਇਕ ਚੰਗੀ ਲਘੂ ਫ਼ਿਲਮ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਲਈ ਸਾਨੂੰ ਇਹ ਸੁਨੇਹਾ ਵੀ ਮਿਲਦਾ ਹੈ ਕਿ ਅਸੀਂ ਟਿੱਕ-ਟੌਕ ਤੇ ਹੋਰ ਸੋਸ਼ਲ ਮੀਡੀਆ ਦੀ ਚੁਟਕਲੇਬਾਜ਼ੀ ਤੋਂ ਬਾਹਰ ਆ ਕੇ ਕੁਝ ਅਜਿਹੀਆਂ ਕੋਸ਼ਿਸ਼ਾਂ ਕਰੀਏ ਕਿ ਜਿਸ ਨਾਲ ਸਮਾਜ ਦੇ ਵੱਡੇ ਖੇਤਰ ਲਈ ਇਕ ਵੱਡਾ ਸੁਨੇਹਾ ਦੇ ਸਕੀਏ।
‘ਨਜ਼ਰੀ ਨਾ ਆਵੇ’ ਲਘੂ ਫ਼ਿਲਮ ਮਹਿਜ਼ ਅੱਠ ਕੁ ਮਿੰਟਾਂ ਰਾਹੀਂ ਪੰਜਾਬੀ ਮਾਨਸਿਕਤਾ ਦੀਆਂ ਪਰਤਾਂ ਨੂੰ ਪੇਸ਼ ਕਰਦੀ ਹੈ, ਜਿੱਥੇ ਇਕ ਪਾਸੇ ਪਿਛਲੇ ਦਹਾਕਿਆਂ ਵਿਚ ਪੰਜਾਬ ਦੀਆਂ ਬਹੁਤ ਕੁੜੀਆਂ ਦਾਜ ਦੀ ਬਲੀ ਚੜ੍ਹ ਗਈਆਂ, ਉੱਥੇ ਇਸ ਵੇਲੇ ਆਈਲੈਟਸ ਰਾਹੀਂ ਉਨ੍ਹਾਂ ਦੀ ਸਥਿਤੀ ਬਿਲਕੁਲ ਬਦਲ ਗਈ ਹੈ। ਇਹ ਫਿਲਮ ਇਨ੍ਹਾਂ ਦੋਨਾਂ ਨੁਕਤਿਆਂ ਦੇ ਦਰਮਿਆਨ ਘੁੰਮਦੀ ਹੈ ਤੇ ਬਹੁਤ ਹੀ ਖੂਬਸੂਰਤ ਜਜ਼ਬਾਤੀ ਇਕ ਸੁਨੇਹਾ ਦਿੰਦੀ ਹੈ, ਜਿਸ ਸੁਨੇਹੇ ਨਾਲ ਦਰਸ਼ਕਾਂ ਦੇ ਮਨ ਹਲੂਣੇ ਜਾਂਦੇ ਹਨ ਅਤੇ ਇਹ ਫ਼ਿਲਮ ਦਰਸ਼ਕਾਂ ਦਾ ਨਜ਼ਰੀਆ ਬਦਲਣ ਦਾ ਦਮ ਰੱਖਦੀ ਹੈ।
ਕਲਾ ਦਾ ਅਰਥ ਸਾਨੂੰ ਅਚੰਭਿਤ ਕਰ ਦੇਣਾ ਹੁੰਦਾ ਹੈ ਤੇ ਅਹਿਸਾਸਾਂ ਦੇ ਖੜ੍ਹੇ ਪਾਣੀਆਂ ਵਿਚ ਹਿਲਜੁਲ ਕਰਨਾ ਵੀ। ਲਘੂ ਫ਼ਿਲਮ ਵਿਚ ਇਹ ਕੰਮ ਹੋਰ ਵੀ ਵਧੇਰੇ ਜ਼ੋਖ਼ਮ ਭਰਿਆ ਹੁੰਦਾ ਹੈ, ਕਿਉਂਕਿ ਬਹੁਤ ਘੱਟ ਸਮੇਂ ਆਪਣੀ ਗੱਲ ਕਰਨੀ ਹੁੰਦੀ ਹੈ। ਰੋਜ਼ ਗਿੱਲ ਦੁਆਰਾ ਲਿਖਤ ਤੇ ਨਿਰਦੇਸ਼ਿਤ ਲਘੂ ਫ਼ਿਲਮ ‘ਨਜ਼ਰੀ ਨਾ ਆਵੇ’ ਇਨ੍ਹਾਂ ਸਾਰੇ ਪੱਖਾਂ ਤੋਂ ਬਹੁਤ ਕਾਮਯਾਬ ਪੇਸ਼ਕਾਰੀ ਹੈ। ਇਹ ਸਾਨੂੰ ਉਹ ਕੁਝ ਨਜ਼ਰੀ ਲਿਆਉਣ ਦਾ ਸਫ਼ਲ ਯਤਨ ਹੈ ਜੋ ਸਾਡੀਆਂ ਨਜ਼ਰਾਂ ਤੋਂ ਓਹਲੇ ਰਹਿ ਜਾਂਦਾ ਹੈ ਜਾਂ ਜਿਸ ਨਾਲ ਅਸੀਂ ਖੁਦ ਨਜ਼ਰਾਂ ਨਹੀਂ ਮਿਲਾਉਣਾ ਚਾਹੁੰਦੇ। ਸੁਰਖ਼ਾਬ ਰਿਕਾਰਡਜ਼ ਵਲੋਂ ਰਿਲੀਜ਼ ਕੀਤੀ ਇਸ ਲਘੂ ਫ਼ਿਲਮ ਦਾ ਸੰਗੀਤ ਹੇਮੀ ਮਾਂਗਟ ਨੇ ਦਿੱਤਾ ਕੈਮਰਾਮੈਨ ਗੁਰਪਿੰਦਰ ਅਤੇ ਐਡੀਟਰ ਪੁਨੀਤ ਹਨ। ਇਸ ਲਘੂ ਫ਼ਿਲਮ ਦਾ ਪ੍ਰਬੰਧਕੀ ਕਾਰਜ ਹੈਦਰ ਗਿੱਲ ਅਤੇ ਰਾਜੇਸ਼ਵਰ ਬਰਾੜ ਨੇ ਨਿਭਾਇਆ ਹੈ। ਆਸ ਹੈ ਇਹ ਫਿਲਮ ਪੰਜਾਬੀ ਲਘੂ ਫ਼ਿਲਮਾਂ ਵਿਚ ਆਪਣਾ ਵਿਸ਼ੇਸ਼ ਸਥਾਨ ਕਾਇਮ ਕਰੇਗੀ...