ਜਲੰਧਰ(ਬਿਊਰੋ)— ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ 'ਹੈਰੀਟੇਜ ਸਟਰੀਟ' ਭਵਿੱਖ ਵਿਚ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਫਿਲਮਾਂ ਦਾ ਹਿੱਸਾ ਬਣ ਸਕਦੀ ਹੈ। ਸ੍ਰੀ ਹਰਿਮੰਦਰ ਸਾਹਿਬ ਨੇੜੇ ਲਗਭਗ ਪੌਣਾ ਕਿਲੋਮੀਟਰ ਰਕਬੇ ਵਿਚ ਬਣਾਈ ਗਈ ਵਿਰਾਸਤੀ ਸਟਰੀਟ ਇਸ ਵੇਲੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਵਿਰਾਸਤੀ ਮਾਰਗ ਅਕਾਲੀ-ਭਾਜਪਾ ਸਰਕਾਰ ਵੱਲੋਂ ਨਵੰਬਰ 2016 ਵਿਚ ਲੋਕ ਅਰਪਿਤ ਕੀਤਾ ਗਿਆ ਸੀ। ਹੁਣ ਇਸ ਦੀ ਮਕਬੂਲੀਅਤ ਨੂੰ ਹੋਰ ਪ੍ਰਚਾਰਨ ਵਾਸਤੇ ਪ੍ਰਸ਼ਾਸਨ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਇਸ ਸਬੰਧੀ ਯਤਨ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਹਿੰਦੀ ਤੇ ਪੰਜਾਬੀ ਫਿਲਮਾਂ ਦੀ ਕਈ ਵਾਰ ਸ਼ੂਟਿੰਗ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੇ ਆਲੇ ਦੁਆਲੇ ਹੋਈ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮਾਰਚ 2016 ਤੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਫਿਲਮਾਂ ਦੀ ਸ਼ੂਟਿੰਗ 'ਤੇ ਰੋਕ ਲਾਈ ਹੋਈ ਹੈ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਨੇ ਫਿਲਮ ਨਿਰਮਾਤਾ ਤੇ ਨਿਰਦੇਸ਼ਕਾਂ ਨੂੰ 'ਹੈਰੀਟੇਜ ਸਟਰੀਟ' ਵਿਚ ਬਿਨਾਂ ਕਿਸੇ ਖਰਚ ਦੇ ਸ਼ੂਟਿੰਗ ਕਰਨ ਦਾ ਸੱਦਾ ਦਿੱਤਾ ਹੈ। ਇਸੇ ਤਹਿਤ ਹੀ 22 ਨਵੰਬਰ ਨੂੰ ਇੱਥੇ ਇੱਕ ਹਿੰਦੀ ਫਿਲਮ 'ਯਮਲਾ ਪਗਲਾ ਦਿਵਾਨਾ 3' ਦੀ ਸ਼ੂਟਿੰਗ ਹੋਈ ਹੈ, ਜਿਸ ਵਿਚ ਫਿਲਮ ਕਲਾਕਾਰ ਬੌਬੀ ਦਿਉਲ ਅਤੇ ਕ੍ਰਿਤੀ ਖਰਬੰਦਾ 'ਤੇ ਇਕ ਗੀਤ ਦੇ ਦ੍ਰਿਸ਼ ਫਿਲਮਾਏ ਗਏ ਸਨ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜੋ ਕਿ ਵਿਰਾਸਤੀ ਮਾਰਗ ਯੋਜਨਾ ਦੇ ਡਾਇਰੈਕਟਰ ਵੀ ਹਨ, ਨੇ ਆਖਿਆ ਕਿ ਬੀਤੇ ਦਿਨੀਂ ਹੋਈ ਸ਼ੂਟਿੰਗ ਲਈ ਫਿਲਮ ਨਿਰਮਾਤਾ ਆਦਿ ਤੋਂ ਕੋਈ ਪੈਸਾ ਨਹੀਂ ਵਸੂਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਬਾਲੀਵੁੱਡ ਤੇ ਪਾਲੀਵੁੱਡ ਦੇ ਫਿਲਮ ਨਿਰਮਾਤਾਵਾਂ ਨੂੰ ਇੱਥੇ ਆ ਕੇ ਸ਼ੂਟਿੰਗ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਸ਼ਹਿਰ ਦਾ ਚਰਚਾ ਦੇਸ਼ ਵਿਦੇਸ਼ ਵਿਚ ਹੋਵੇਗਾ ਅਤੇ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਆਖਿਆ ਕਿ ਇੱਥੇ ਵੱਡੀ ਗਿਣਤੀ ਇਤਿਹਾਸਕ ਥਾਵਾਂ ਹਨ, ਜੋ ਫਿਲਮਾਂ ਦੀ ਸ਼ੂਟਿੰਗ ਆਦਿ ਲਈ ਢੁਕਵੀਆਂ ਹਨ। ਇਨ੍ਹਾਂ ਵਿਚ ਗੋਬਿੰਦਗੜ੍ਹ ਕਿਲਾ, ਅਟਾਰੀ ਸਰਹੱਦ, ਦੇਸ਼ ਵੰਡ ਸਬੰਧੀ ਮਿਊਜ਼ੀਅਮ ਵਾਲੀ ਇਮਾਰਤ, ਸਦੀ ਪੁਰਾਣੀ ਵਿਜੈ ਹਸਪਤਾਲ ਦੀ ਇਮਾਰਤ, ਜਿਸ ਨੂੰ ਹੁਣ ਫੂਡ ਸਟਰੀਟ ਵਾਸਤੇ ਮੁਰੰਮਤ ਕਰਕੇ ਨਵਾਂ ਰੂਪ ਦਿੱਤਾ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਪੰਜਾਬ ਸੈਰ ਸਪਾਟਾ ਵਿਭਾਗ ਵੱਲੋਂ ਇਸ ਸਬੰਧ ਵਿਚ ਬਾਲੀਵੁੱਡ ਦੇ ਫਿਲਮ ਨਿਰਮਾਤਾਵਾਂ ਨਾਲ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ।