ਚੰਡੀਗੜ੍ਹ : ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਵੱਡਾ ਝਟਕਾ ਲੱਗਿਆ ਹੈ। ਪਰਮੀਸ਼ ਵਰਮਾ ਵਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ 20 ਲੱਖ ਰੁਪਏ ਹਵਾਲਾ ਰਾਹੀਂ ਦੇਣ ਦੀ ਗੱਲ ਸਾਹਮਣੇ ਆਉਣ 'ਤੇ ਪਰਮੀਸ਼ ਨੂੰ ਮਿਲੀ ਸੁਰੱਖਿਆ ਹੁਣ ਵਾਪਸ ਲੈ ਲਈ ਜਾਵੇਗੀ। ਬੀਤੀ 13 ਅਪ੍ਰੈਲ ਨੂੰ ਦਿਲਪ੍ਰੀਤ ਵਲੋਂ ਕੀਤੇ ਹਮਲੇ ਤੋਂ ਬਾਅਦ ਮੋਹਾਲੀ ਪੁਲਸ ਨੇ ਪਰਮੀਸ਼ ਨੂੰ 4 ਸੁਰੱਖਿਆ ਕਰਮੀ ਮੁਹੱਈਆ ਕਰਵਾਏ ਸਨ, ਜੋ ਕਿ ਹੁਣ ਵਾਪਸ ਬੁਲਾ ਲਏ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਸ ਸੁਰੱਖਿਆ ਮਿਲਣ ਦੇ ਬਾਵਜੂਦ ਵੀ ਪਰਮੀਸ਼ ਵਰਮਾ ਨੇ ਦਿਲਪ੍ਰੀਤ ਨੂੰ 20 ਲੱਖ ਰੁਪਏ ਹਵਾਲਾ ਰਾਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਪਰਮੀਸ਼ ਵਰਮਾ ਨੂੰ ਸੰਮਨ ਜਾਰੀ ਹੋਣਗੇ ਅਤੇ ਪੈਸਿਆਂ ਦੇ ਲੈਣ-ਦੇਣ ਬਾਰੇ ਵੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਕਿਹਾ ਕਿ ਪਰਮੀਸ਼ ਨੂੰ ਪੈਸ ਦੇਣ ਤੋਂ ਪਹਿਲਾਂ ਇਕ ਵਾਰ ਪੁਲਸ ਨੂੰ ਸੂਚਨਾ ਜ਼ਰੂਰ ਦੇਣੀ ਚਾਹੀਦੀ ਸੀ।
ਜ਼ਿਕਰਯੋਗ ਹੈ ਕਿ 13 ਅਤੇ 14 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਜਦੋਂ ਪਰਮੀਸ਼ ਵਰਮਾ ਆਪਣਾ ਇਕ ਪ੍ਰੋਗਰਾਮ ਕਰਨ ਤੋਂ ਬਾਅਦ ਵਾਪਸ ਘਰ ਜਾ ਰਹ ਸਨ ਤਾਂ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਦੀ ਲੱਤ 'ਚ ਗੋਲੀ ਮਾਰ ਦਿੱਤੀ ਸੀ। ਇਸ ਹਮਲੇ ਦੌਰਾਨ ਪਰਮੀਸ਼ ਵਰਮਾ ਦਾ ਦੋਸਤ ਲਾਡੀ ਵੀ ਜ਼ਖਮੀਂ ਹੋ ਗਿਆ ਸੀ।