ਚੰਡੀਗੜ੍ਹ (ਹਾਂਡਾ) - ਐਡਵੋਕੇਟ ਐੱਚ. ਸੀ. ਅਰੋੜਾ ਵਲੋਂ ਭੇਜੇ ਗਏ ਲੀਗਲ ਨੋਟਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਆਧਾਰਿਤ ਫਿਲਮ 'ਸ਼ੂਟਰ' ਦੀ ਰਿਲੀਜ਼ 'ਤੇ ਰੋਕ ਲਾ ਦਿੱਤੀ ਹੈ ਪਰ ਫਿਲਮ ਦੇ ਟਰੇਲਰ ਅਤੇ ਗੀਤ ਅਜੇ ਵੀ ਸੋਸ਼ਲ ਮੀਡੀਆ, ਖਾਸ ਕਰਕੇ ਫੇਸਬੁੱਕ ਅਤੇ ਯੂਟਿਊਬ 'ਤੇ ਚੱਲ ਰਹੇ ਹਨ, ਜਿਨ੍ਹਾਂ ਨੂੰ 1 ਕਰੋੜ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਫਿਲਮ ਸ਼ੂਟਰ ਦੇ ਟਰੇਲਰ ਅਤੇ ਗੀਤ ਬੰਦ ਕਰਵਾਉਣ ਨੂੰ ਲੈ ਕੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਇਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਵੀ ਟਰੇਲਰ ਅਤੇ ਗੀਤ ਸੋਸ਼ਲ ਮੀਡੀਆ 'ਤੇ ਚੱਲ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ।
ਦੱਸਣਯੋਗ ਹੈ ਕਿ ਫਿਲਮ ਨਿਰਮਾਤਾ ਕੇ. ਵੀ. ਢਿੱਲੋਂ ਤੇ ਹੋਰਨਾਂ ਖਿਲਾਫ ਧਾਰਾ- 153, 153 ਏ, 153 ਬੀ, 160, 107, 505 ਦੇ ਤਹਿਤ ਮੋਹਾਲੀ 'ਚ ਐੱਫ. ਆਈ. ਆਰ. ਨੰਬਰ 3 ਦਰਜ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਫਿਲਮ 'ਸ਼ੂਟਰ' ਰਾਹੀਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਭੜਕਾਇਆ ਜਾ ਸਕਦਾ ਹੈ ਅਤੇ ਇਸ ਨਾਲ ਅਮਨ-ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਹੈ ਕਿ, ''ਉਹ ਫਿਲਮ ਦੇ ਨਿਰਮਾਤਾ ਕੇ. ਵੀ. ਢਿੱਲੋਂ ਦੇ ਖਿਲਾਫ ਕਾਰਵਾਈ ਦੀ ਸੰਭਾਵਨਾ ਦਾ ਜਾਇਜ਼ਾ ਲੈਣ, ਜਿਨ੍ਹਾਂ ਨੇ ਪਿਛਲੇ ਸਾਲ ਲਿਖਤੀ ਤੌਰ 'ਤੇ ਫਿਲਮ ਬਾਰੇ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਦੇ ਪ੍ਰਚਾਰਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਬਾਰੇ ਵੀ ਪੜਤਾਲ ਕਰਨ।'' ਫਿਲਮ ਨਿਰਮਾਤਾ ਕੇ. ਵੀ. ਢਿੱਲੋਂ ਨੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਲਿਖੀ ਚਿੱਠੀ 'ਚ ਭਰੋਸਾ ਦਿੱਤਾ ਸੀ ਕਿ ਉਹ ਫਿਲਮ ਨਿਰਮਾਣ ਰੋਕ ਰਹੇ ਹਨ ਪਰ ਇਸ ਨੂੰ ਜਾਰੀ ਰੱਖਿਆ ਗਿਆ ਅਤੇ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੇ ਸਨ।