ਜਲੰਧਰ (ਕੁਲਦੀਪ ਸਿੰਘ ਰਿਣੀ) — 'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ' ਗੀਤ ਗਾ ਕੇ ਵਿਵਾਦਾਂ ਵਿਚ ਘਿਰੀ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਆਪਣੇ ਕੀਤੇ 'ਤੇ ਅਫਸੋਸ ਹੋ ਰਿਹਾ ਹੈ, ਜਿਸ ਨੂੰ ਲੈ ਕੇ ਉਸ ਨੇ ਮੁਆਫੀ ਵੀ ਮੰਗ ਲਈ ਹੈ। ਬੀਤੇ ਦਿਨੀਂ ਅਫਸਾਨਾ ਖਾਨ ਨੇ ਮਲੋਟ ਡੀ. ਐੱਸ. ਐੱਸ. ਪੀ. ਦਫਤਰ ਪਹੁੰਚੀ, ਜਿਥੇ ਉਸ ਨੇ ਆਪਣੇ ਬਿਆਨ ਦਰਜ ਕਰਵਾਏ। ਇਸ ਦੌਰਾਨ ਅਫਸਾਨਾ ਖਾਨ ਨੇ ਕਿਹਾ, ''ਮੈਂ ਸਿਰਫ ਬੱਚਿਆਂ ਦੀ ਮੰਗ ਪੂਰੀ ਕੀਤੀ ਹੈ। ਸਾਡਾ ਕੰਮ ਗਾਉਣਾ ਹੈ। ਮੈਨੂੰ ਨਹੀਂ ਸੀ ਪਤਾ ਕਿ ਹਾਈ ਕੋਰਟ ਨੇ ਲੱਚਰਤਾ ਤੇ ਹਥਿਆਰਾਂ ਵਾਲੇ ਗੀਤਾਂ 'ਤੇ ਪਾਬੰਦੀ ਲਗਾਈ ਹੈ। ਮੈਂ ਇਸ ਗੱਲ ਤੋਂ ਬਿਲਕੁਲ ਅਣਜਾਨ ਸੀ। ਮੈਨੂੰ ਆਪਣੇ ਕੀਤੇ 'ਤੇ ਅਫਸੋਸ ਹੈ, ਜਿਸ ਲਈ ਮੈਂ ਮੁਆਫੀ ਮੰਗਦੀ ਹਾਂ।''
ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ 'ਚ ਬੱਚਿਆਂ ਦੀ ਸਭਾ ਦੌਰਾਨ ਗੀਤ ਗਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਫਸਾਨਾ ਖਿਲਾਫ ਚੰਡੀਗੜ੍ਹ ਦੇ ਇਕ ਵਿਅਕਤੀ ਨੇ ਮੁਕਤਸਰ ਦੇ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਲੰਬੀ ਹਲਕੇ ਵਿਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਚ ਅਫਸਾਨਾ ਖਾਨ ਨੇ ਸਕੂਲੀ ਬੱਚਿਆਂ ਸਾਹਮਣੇ 'ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ' ਗੀਤ ਗਾਇਆ ਸੀ। ਮਾਮਲਾ ਸਾਹਮਣੇ ਆਉਣ ਮਗਰੋਂ ਅਫਸਾਨਾ ਖਾਨ ਦੀ ਹਰ ਪਾਸੇ ਅਲੋਚਨਾ ਹੋਣ ਲੱਗੀ, ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉਥੇ ਹੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਸਕੂਲ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।