ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) — ਪੰਜਾਬ ਦੇ ਉੱਘੇ ਲੋਕ ਗਾਇਕ ਬੱਬੂ ਮਾਨ ਵੱਲੋਂ ਆਪਣੇ ਪਿੰਡ ਖੰਟ ਮਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਆਪਣੀ ਨਿੱਜੀ ਜ਼ਮੀਨ ਵਿਚ ਫੈਨ ਕਾਲੋਨੀ ਬਣਾਉਣ ਦਾ ਐਲਾਨ ਕੀਤਾ ਹੈ। ਬੱਬੂ ਮਾਨ ਦੇ ਜੱਦੀ ਪਿੰਡ ਖੰਟ ਮਾਨਪੁਰ ਵਿਖੇ ਬਣਨ ਵਾਲੀ ਇਸ ਫੈਨ ਕਾਲੋਨੀ ਵਿਚ ਬੇਸਹਾਰਾ ਲੋੜਵੰਦ ਕਿਸੇ ਵੀ ਜਾਤ ਧਰਮ ਮਜ਼ਹਬ ਦੇ ਬੇਘਰੇ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਉੱਘੇ ਗਾਇਕ ਬੱਬੂ ਮਾਨ ਵੱਲੋਂ ਖੰਟ ਮਾਨਪੁਰ ਵਿਖੇ ਬਣਾਈ ਜਾਣ ਵਾਲੀ ਫੈਨ ਕਾਲੋਨੀ ਵਿਚ ਬੱਬੂ ਮਾਨ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜੋ ਕਿ ਬਹੁਤ ਵੱਡੀ ਸ਼ਲਾਘਾਯੋਗ ਅਤੇ ਪ੍ਰਸੰਸਾ ਵਾਲੀ ਗੱਲ ਹੈ ਤੇ ਪਿੰਡ ਵਾਲਿਆਂ ਵੱਲੋਂ ਇਸ ਉੱਦਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ।
ਦੱਸ ਦਈਏ ਕਿ ਪਿੰਡ ਖਾਨਪੁਰ ਖੰਟ ਮਾਨਪੁਰ ਵਿਚ ਬਣਨ ਵਾਲੀ ਫੈਨ ਕਲੋਨੀ ਵਿਚ ਛਾਂਦਾਰ ਫਲਦਾਰ ਅਤੇ ਔਰਗੈਨਿਕ ਫਲਾਂ ਦੇ ਬੂਟੇ ਲਗਾਏ ਜਾਣਗੇ, ਜਿਸ ਨਾਲ ਕਾਲੋਨੀ ਦਾ ਵਾਤਾਵਰਨ ਹਰਾ ਭਰਾ ਤੇ ਖਿੜਿਆ ਰਹੇਗਾ।