ਪਟਿਆਲਾ (ਬਲਜਿੰਦਰ) - ਨੌਸਰਬਾਜ਼ਾਂ ਦੇ ਨਿਸ਼ਾਨੇ 'ਤੇ ਹੁਣ ਪਟਿਆਲਾ ਦੇ ਵੀ. ਆਈ. ਪੀ. ਹਨ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਦਾ ਬੈਂਕ ਅਕਾਊਂਟ ਹੈਕ ਕਰਕੇ ਉਸ 'ਚੋਂ ਲੱਖਾਂ ਰੁਪਏ ਟਰਾਂਸਫਰ ਕਰ ਲਏ ਸਨ ਅਤੇ ਹੁਣ ਲੋਕ ਗਾਇਕ ਪਰਮਜੀਤ ਸਿੰਘ ਪੰਮੀ ਬਾਈ ਵੀ ਨੌਸਰਬਾਜ਼ਾਂ ਦੀਆਂ ਗੱਲਾਂ ਵਿਚ ਆ ਗਏ ਅਤੇ ਉਨ੍ਹਾਂ ਨਾਲ 1 ਲੱਖ 9 ਹਜ਼ਾਰ 800 ਰੁਪਏ ਦੀ ਠੱਗੀ ਮਾਰ ਲਈ ਗਈ। ਪੰਮੀ ਬਾਈ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਪੜਤਾਲ ਤੋਂ ਬਾਅਦ ਇਸ ਮਾਮਲੇ ਵਿਚ ਸਾਹਿਲ ਪੀਰਜਾਦਾ ਪੁੱਤਰ ਪਰਦੀਪ ਸ਼ਰਮਾ ਵਾਸੀ ਫਰੀਦਾਬਾਦ (ਹਰਿਆਣਾ) ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਮਜੀਤ ਸਿੰਘ ਪੁੱਤਰ ਪਰਤਾਪ ਸਿੰਘ ਉਰਫ ਪੰਮੀ ਬਾਈ ਵਾਸੀ ਨਾਰਥ ਸਰਹਿੰਦ ਬਾਈਪਾਸ ਪਟਿਆਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇਕ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਕਿ 11 ਫਰਵਰੀ 2019 ਨੂੰ ਰਿਹਰਸਲ ਅਤੇ 12 ਫਰਵਰੀ 2019 ਨੂੰ ਕੋਕ ਸਟੂਡਿਉ ਮੁੰਬਈ ਵਿਖੇ ਰਿਕਾਰਡਿੰਗ ਹੈ। ਇਸ ਸਬੰਧੀ ਉਨ੍ਹਾਂ ਤੋਂ ਡਿਟੇਲ ਮੰਗੀ ਅਤੇ ਆਈ. ਪੀ. ਆਰ. ਐੱਸ. ਨੰਬਰ ਵੀ ਭੇਜਣ ਲਈ ਕਿਹਾ। ਇਸ ਤੋਂ ਬਾਅਦ ਪੰਮੀ ਬਾਈ ਨੇ ਰਿਪਲਾਈ ਕੀਤਾ ਕਿ ਉਸ ਦੇ ਕੋਲ ਆਈ. ਪੀ. ਆਰ. ਐੱਸ. ਨੰਬਰ ਨਹੀਂ ਹੈ ਤਾਂ ਜੁਆਬੀ ਮੇਲ ਆਈ ਕਿ ਤੁਹਾਨੂੰ ਆਈ. ਪੀ. ਆਰ. ਐੱਸ. ਨੰਬਰ ਲੈਣਾ ਪਵੇਗਾ। ਇਸ ਤੋਂ ਬਾਅਦ ਪੰਮੀ ਬਾਈ ਨੇ ਦਿੱਤੇ ਨੰਬਰ 'ਤੇ ਗੱਲਬਾਤ ਕੀਤੀ ਅਤੇ ਆਪਣੀ ਪਰਸਨਲ ਡਿਟੇਲ ਵੀ ਭੇਜ ਦਿੱਤੀ।