ਜਲੰਧਰ (ਵਰੁਣ)— ਗੋਲਡਨ ਐਵੇਨਿਊ 'ਚ ਰਹਿੰਦੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਉਰਫ ਸੁੱਖਾ ਦਿੱਲੀ ਵਾਲਾ ਦੀ ਆਪਣੇ ਹੀ ਘਰ 'ਚ ਡਿੱਗਣ ਕਾਰਨ ਮੌਤ ਹੋ ਗਈ ਹੈ। ਸੁੱਖਾ ਦਿੱਲੀ ਵਾਲਾ ਦੀ ਮੌਤ ਦਾ ਕਾਰਨ ਉਸ ਦੇ ਸਿਰ 'ਚ ਲੱਗੀ ਸੱਟ ਬਣੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਪਹਿਲਾਂ ਪਤਨੀ ਨਾਲ ਤਲਾਕ ਪਿਛੋਂ ਸੁੱਖਾ ਦਿੱਲੀ ਵਾਲਾ ਡਿਪ੍ਰੈਸ਼ਨ 'ਚ ਰਹਿ ਰਿਹਾ ਸੀ ਤੇ ਉਸ ਨੂੰ ਸ਼ਰਾਬ ਦੀ ਆਦਤ ਪੈ ਗਈ ਸੀ। ਪੁਲਸ ਨੇ ਪੰਜਾਬੀ ਸਿੰਗਰ ਸੁੱਖਾ ਦਿੱਲੀ ਵਾਲਾ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤੀ ਹੈ।
ਥਾਣਾ ਨੰਬਰ 7 ਦੇ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਬੁੱਧਵਾਰ ਸ਼ਾਮੀਂ ਕਰੀਬ 5:30 ਵਜੇ ਸੁਖਵਿੰਦਰ ਸੁੱਖਾ ਦਿੱਲੀ ਵਾਲਾ ਜਦੋਂ ਆਪਣੇ ਘਰ 'ਚ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਅਚਾਨਕ ਪੈਰ ਤਿਲਕਣ ਕਾਰਨ ਉਹ ਆਪਣੇ ਘਰ 'ਚ ਹੀ ਡਿੱਗ ਗਏ। ਇਸ ਦੌਰਾਨ ਉਨ੍ਹਾਂ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ। ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਤੇ ਥਾਣਾ 7 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਇੰਸਪੈਕਟਰ ਨਵੀਨ ਪਾਲ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁੱਖਾ ਦਿੱਲੀ ਵਾਲਾ ਦਾ ਤਿੰਨ ਸਾਲ ਪਹਿਲਾਂ ਕੁਝ ਕਾਰਨਾਂ ਕਾਰਨ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਇਸੇ ਕਰਕੇ ਉਹ ਡਿਪ੍ਰੈਸ਼ਨ 'ਚ ਸਨ ਤੇ ਤਿੰਨਾਂ ਸਾਲਾਂ ਤੋਂ ਬਹੁਤ ਸ਼ਰਾਬ ਪੀ ਰਹੇ ਸਨ। ਪਰਿਵਾਰ ਨੂੰ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਸ਼ਰਾਬ ਪੀਂਦੇ ਰਹੇ।
ਬੁੱਧਵਾਰ ਸ਼ਾਮੀਂ ਵੀ ਉਨ੍ਹਾਂ ਨੇ ਸ਼ਰਾਬ ਪੀਤੀ ਸੀ ਤੇ ਨਸ਼ੇ 'ਚ ਡਿੱਗਣ ਕਾਰਨ ਉਨ੍ਹਾਂ ਦੇ ਸਿਰ 'ਚ ਗੰਭੀਰ ਸੱਟ ਲੱਗੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਸੁਖਵਿੰਦਰ ਸਿੰਘ ਦੇ ਭਰਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤੀ ਹੈ।