FacebookTwitterg+Mail

ਪੰਜਾਬੀ ਗਾਇਕਾਂ ਦਾ ਖੇਤੀ ਬਿੱਲਾਂ ਖ਼ਿਲਾਫ਼ ਵੱਧਦਾ ਰੋਹ, ਕਲਾਕਾਰਾਂ ਨੇ ਇੰਝ ਪ੍ਰਗਟਾਇਆ ਰੋਸ

punjabi singers with farmers in protest against agriculture bills
24 September, 2020 12:35:43 PM

ਜਲੰਧਰ (ਬਿਊਰੋ) : ਖੇਤੀ ਬਿੱਲ ਖ਼ਿਲਾਫ਼ ਪੰਜਾਬ ਦੇ ਕਲਾਕਾਰਾਂ ਵਲੋਂ ਗੀਤਾਂ ਰਾਹੀਂ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਹੈ। ਗਾਇਕ ਸਿੱਪੀ ਗਿੱਲ ਨੇ 'ਆਸ਼ਿਕ਼ ਮਿੱਟੀ ਦੇ' ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ 'ਅੱਖਾਂ ਖੋਲ੍ਹ' ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪੰਜਾਬੀ ਗਾਇਕ ਖੇਤੀ ਬਿੱਲ ਦੇ ਖ਼ਿਲਾਫ਼ ਲਗਾਤਾਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਇੱਥੋਂ ਤੱਕ ਕਿ 25 ਸਤੰਬਰ ਨੂੰ ਪੰਜਾਬੀ ਗਾਇਕਾਂ ਵੱਲੋਂ ਖੇਤੀ ਬਿੱਲ ਖ਼ਿਲਾਫ਼ ਧਰਨਾ ਲਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਗਾਇਕ ਰਣਜੀਤ ਬਾਵਾ ਤੇ ਹਰਭਜਨ ਮਾਨ ਵਰਗੇ ਪੰਜਾਬੀ ਗਾਇਕ ਸ਼ਾਮਲ ਹੋਣਗੇ। ਇੱਥੋਂ ਤੱਕ ਕੀ ਗਾਇਕ ਸਿੱਧੂ ਮੂਸੇ ਵਾਲਾ ਵੱਲੋਂ ਵੀ ਖੇਤੀ ਬਿੱਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿੱਤੀ ਹੈ।

ਦੱਸ ਦਈਏ ਕਿ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਹੋਇਆਂ ਇੱਕ ਖ਼ਾਸ ਸੁਨੇਹਾ ਲਿਖਿਆ। “ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ‘ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਤੇ ਵਰਗਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਲਈ ਪੁਰਜ਼ੋਰ ਅਪੀਲ ਕਰਦੇ ਹਾਂ।“

ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਹਨ। ਹਰਭਜਨ ਮਾਨ ਬਾਈ ਜੀ, ਹਰਜੀਤ ਹਰਮਨ ਬਾਈ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲੈਣਗੇ।“ ਕਿਸਾਨ ਮਜਦੂਰ ਏਕਤਾ ਜਿੰਦਾਬਾਦ। 

ਪੰਜਾਬੀ ਅਦਾਕਾਰਾਂ ਦੀ ਗੱਲ ਕਰੀਏ ਤਾਂ ਸਿੰਮੀ ਚਾਹਲ, ਨਿਸ਼ਾ ਬਾਨੋ ਨੇ ਵੀ ਕਿਸਾਨਾਂ ਦੇ ਹੱਕਾਂ ਲਈ ਸੋਸ਼ਲ ਮੀਡੀਆ ਰਾਹੀਂ ਆਵਾਜ਼ ਚੁੱਕੀ ਹੈ। ਹੁਣ ਇਕ ਗੱਲ ਤਾ ਤੈਅ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ਕਲਾਕਾਰ ਇਕਜੁੱਟ ਹੋ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਬਿੱਲ ਖਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਅਜਿਹੇ 'ਚ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।


Tags: Ranjit BawaKanwar GrewalSimi ChahalHarbhajan MaanBabbu MaanSupportKisan Protest25th SeptemberPunjabi Singer

About The Author

sunita

sunita is content editor at Punjab Kesari