ਖਰੜ (ਬਿਊਰੋ)— ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਹੁਣ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਏ ਜੁਝਾਰ ਨੇ ਕਿਹਾ, 'ਫੋਨ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਮੇਰੇ ਨਾਲ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਮਾੜੇ ਗੀਤ ਗਾਉਂਦਾ ਹਾਂ, ਜੋ ਕਿ ਗਲਤ ਹੈ। ਮੈਂ ਧਾਰਮਿਕ ਐਲਬਮਾਂ ਦੇ ਨਾਲ-ਨਾਲ ਸੱਭਿਆਚਾਰਕ ਗੀਤ ਗਾਏ ਹਨ। ਕੋਈ ਇਕ-ਅੱਧਾ ਗੀਤ ਮੇਰਾ ਸ਼ਾਇਦ ਮਾੜਾ ਹੋ ਸਕਦਾ ਹੈ, ਬਾਕੀ ਮੇਰੇ ਸਾਰੇ ਗੀਤ ਪਰਿਵਾਰ 'ਚ ਬੈਠ ਕੇ ਦੇਖੇ ਤੇ ਸੁਣੇ ਜਾ ਸਕਦੇ ਹਨ।'
ਸਤਿ ਸ਼੍ਰੀ ਅਕਾਲ ਦੋਸਤੋ ਇੱਕ ਕਲਾਕਾਰ ਦਾ ਫਰਜ਼ ਹੈ ਕਿ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਨਾ. ਪਰ ਅੱਜ ਕਿਸੇ ਸ਼ਰਾਰਤੀ ਬੰਦੇ ਨੇ ਸਾਨੂੰ ਫੋਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ. ਪੁਲਿਸ ਕਾਰਵਾਈ ਜਾਰੀ ........ ਕੀ ਇਹ ਸਹੀ ਹੈ ਦੋਸਤੋ ?
Posted by Rai Jujhar on Sunday, May 6, 2018
ਰਾਏ ਨੇ ਅਜਿਹੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਕਿਸੇ ਵੀ ਆਰਟਿਸਟ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਗਲਤ ਹੈ। ਜੇ ਆਰਟਿਸਟ ਸਭ ਦੀ ਇੱਜ਼ਤ ਕਰਦਾ ਹੈ ਤਾਂ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਰਟਿਸਟ ਦੀ ਇੱਜ਼ਤ ਕਰਨ। ਜੇਕਰ ਕਿਸੇ ਵਿਅਕਤੀ ਨੂੰ ਕੋਈ ਗੱਲ ਗਲਤ ਲੱਗਦੀ ਹੈ ਤਾਂ ਉਹ ਵਿਸਥਾਰ 'ਚ ਦੱਸ ਸਕਦੇ ਹਨ ਤੇ ਆਪਣੇ ਵਿਚਾਰ ਜਾਂ ਸੁਝਾਅ ਉਨ੍ਹਾਂ ਨੂੰ ਦੇ ਸਕਦੇ ਹਨ ਪਰ ਇਸ ਤਰ੍ਹਾਂ ਧਮਕੀ ਦੇਣਾ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਰਾਏ ਜੁਝਾਰ ਨੇ ਥਾਣਾ ਸਿਟੀ ਖਰੜ ਵਿਖੇ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ।