ਜਲੰਧਰ (ਰਮਨਦੀਪ ਸਿੰਘ ਸੋਢੀ) — 'ਹੰਬਲ ਮੋਸ਼ਨ ਪਿਚਰਸ' ਦੇ ਬੈਨਰ ਹੇਠ 20 ਮਾਰਚ ਨੂੰ ਰਿਲੀਜ਼ ਹੋ ਰਹੀ ਫਿਲਮ 'ਪੋਸਤੀ' ਦੀ ਹਰ ਪਾਸੇ ਚਰਚਾ ਹੈ। ਲੋਕ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਹ ਫਿਲਮ ਸਿਆਸਤਦਾਨਾਂ ਦੀ ਪੋਲ ਖੋਲ੍ਹੇਗੀ ਅਤੇ ਪੰਜਾਬ ਦੇ ਕਈ ਮੁੱਦਿਆਂ ਨੂੰ ਆਮ ਜਨਤਾ ਸਾਹਮਣੇ ਪੇਸ਼ ਕਰੇਗੀ। ਪੰਜਾਬ ਦੇ ਮੌਜੂਦਾ ਹਾਲਾਤ 'ਤੇ ਚੋਟ ਕਰਦਿਆਂ ਰਾਣਾ ਰਣਬੀਰ ਨੇ ਕਿਹਾ ਕਿ ਸਿਆਸਤਦਾਨ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੀ ਗੱਲ ਕਰਦੇ ਹਨ ਪਰ ਅਸਲੀਅਤ ਇਹ ਹੈਕਿ ਪੰਜਾਬ ਕੈਲੀਫੋਰਨੀਆ ਦੀ ਜਗ੍ਹਾ ਮੈਕਸੀਕੋ ਬਣ ਕੇ ਰਹਿ ਗਿਆ ਹੈ। ਆਏ ਦਿਨ ਪੰਜਾਬ ਵਿਚ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਜ਼ਮੀਨ 'ਤੇ ਡਿੱਗਾ ਨਜ਼ਰ ਆਉਂਦਾ ਹੈ। ਰਾਣਾ ਰਣਬੀਰ ਨੇ ਕਿਹਾ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਲਈ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ।
ਪਟਿਆਲਾ ਤੋਂ ਸਾਬਕਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੇ ਉਸ ਬਿਆਨ 'ਤੇ ਵੀ ਉਨ੍ਹਾਂ ਅਸਹਿਮਤੀ ਪ੍ਰਗਟਾਈ ਜਿਸ ਵਿਚ ਡਾ. ਗਾਂਧੀ ਨੇ ਪੰਜਾਬ ਵਿਚ ਸੰਥੈਟਿਕ ਨਸ਼ੇ ਦੀ ਖੇਤੀ ਨੂੰ ਮਨਜ਼ੂਰੀ ਦੇਣ ਦੀ ਗੱਲ ਆਖੀ ਸੀ। ਰਾਣਾ ਰਣਬੀਰ ਨੇ ਕਿਹਾ ਕਿ ਉਹ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਮਨਜ਼ੂਰੀ ਦੇ ਖਿਲਾਫ ਹਨ।
ਰਾਣਾ ਰਣਬੀਰ ਨੇ ਦੱਸਿਆ ਕਿ, ''ਫਿਲਮ 'ਪੋਸਤੀ' ਰਾਹੀਂ ਅਸੀਂ ਪੰਜਾਬ ਦੇ ਹਰ ਚੰਗੇ-ਮਾੜੇ ਮੁੱਦੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਲਮ 'ਚ ਸਰਕਾਰਾਂ ਦੇ ਦੋਵੇਂ ਪੱਖ ਦਿਖਾਏ ਗਏ ਹਨ। ਮੈਂ ਦੇਖਿਆ ਕਿ ਪੋਸਤੀ ਖਾਣ ਵਾਲੇ ਜਾਂ ਨਸ਼ਾ ਕਰਨ ਵਾਲੇ ਲੋਕ ਕਾਫੀ ਸੁਚੇਤ ਹੁੰਦੇ ਹਨ। ਇਹ ਸਿਰਫ ਦੇਖਣ ਨੂੰ ਹੀ ਕਮਲੇ ਲੱਗਦੇ ਹਨ। ਫਿਲਮ 'ਚ ਮੈਂ ਸਿਰਫ ਇਨ੍ਹਾਂ ਨਸ਼ੇੜੀਆਂ ਦੇ ਅੰਦਰ ਦੀ ਗੱਲ ਆਖਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਆਮ ਲੋਕ ਵੀ ਸਮਝਣਗੇ।'' ਫਿਲਮ 'ਪੋਸਤੀ' ਰਾਹੀਂ ਅਸੀਂ ਕਰਾਰੇ ਸਵਾਲ ਖੜ੍ਹੇ ਕੀਤੇ ਨੇ, ਭਾਵੇਂ ਉਹ ਆਮ ਤਰੀਕੇ ਨਾਲ ਹੋਣ ਜਾਂ ਮਨੋਰੰਜਨ ਦੇ ਜਰੀਏ। ਜਿਵੇਂ ਪੰਜਾਬ 'ਚ ਇਨ੍ਹਾਂ ਜ਼ਿਆਦਾ ਨਸ਼ਾ ਕਿੱਥੋ ਆਉਂਦਾ ਹੈ? ਸਾਡੇ ਪੰਜਾਬ 'ਚ ਕਿਸੇ ਵੀ ਨਸ਼ੇ ਦੀ ਖੇਤੀ ਨਹੀਂ ਹੁੰਦੀ ਫਿਰ ਵੀ ਚਿੱਟਾ ਕਿੱਥੋ ਆਉਂਦਾ ਹੈ? ਅਫੀਮ ਕਿੱਥੋ ਆਉਂਦੀ? ਹਥਿਆਰ ਕਿੱਥੋ ਆ ਰਹੇ ਹਨ? ਪੰਜਾਬ ਦੇ ਇਨ੍ਹਾਂ ਹਾਲਾਤ ਦੇ ਜਿੰਮੇਦਾਰ ਸਿਰਫ ਸਾਡੇ ਲੀਡਰ ਹੀ ਨਹੀਂ ਸਗੋਂ ਸਾਡੇ ਲੋਕ ਵੀ ਬਰਾਬਰ ਦੇ ਜਿੰਮੇਦਾਰ ਹਨ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਪੰਜਾਬ ਦੇ ਮਾੜੇ ਹਾਲਾਤ ਨੂੰ ਪੰਜਾਬੀ ਸਿਨੇਮਾ ਰਾਹੀਂ ਵੱਡੇ ਪਰਦੇ 'ਤੇ ਬਿਆਨ ਕਰਨ ਦੀ ਪਹਿਲ ਕੀਤੀ ਹੈ। ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ 'ਅਸੀਸ' ਵਰਗੀ ਸ਼ਾਨਦਾਰ ਫਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਲ ਹੋ ਚੁੱਕੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸਰ ਕੀਤੀ ਜਾ ਰਹੀ ਹੈ। ਇਹ ਫਿਲਮ 20 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।