ਜਲੰਧਰ (ਬਿਊਰੋ) — ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਇਲਾਕਿਆਂ ਨੂੰ ਪੰਜਾਬੀ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਰਾਂ ਦਾ ਵੀ ਕਾਫੀ ਸਾਥ ਮਿਲ ਰਿਹਾ ਹੈ। ਹਰੇਕ ਸ਼ਖਸ ਆਪਣੀ ਕਮਾਈ ਦਾ ਕੁਝ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦੇ ਰਿਹਾ ਹੈ। ਕਈ ਕਲਾਕਾਰ ਸਮਾਜ ਸੇਵੀ ਸੰਸਥਾਵਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਅਤੇ ਕੁਝ ਕਲਾਕਾਰ ਖੁਦ ਅੱਗੇ ਹੋ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਰੋਜ਼ਾਨਾ ਹੀ ਕਿਸੇ ਨਾ ਕਿਸੇ ਗਾਇਕ ਤੇ ਕਲਾਕਾਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਉਹ ਹੜ੍ਹ ਪੀੜਤਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਇਸੇ ਹੀ ਲਿਸਟ ’ਚ ਹੁਣ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਨਾਂ ਵੀ ਜੁੜ ਚੁੱਕਾ ਹੈ। ਜੀ ਹਾਂ, ਬੇਬਾਕ ਰਾਏ ਦਰਸ਼ਕਾਂ ਅੱਗੇ ਰੱਖਣ ਵਾਲੇ ਰੇਸ਼ਮ ਸਿੰਘ ਅਨਮੋਲ ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ’ਚ ਬਿਸਤਰੇ ਵੰਡਦੇ ਨਜ਼ਰ ਆ ਰਹੇ ਹਨ।
ਹਾਲ ਹੀ ’ਚ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਲੋਕਾਂ ਨੂੰ ਉਹ ਬਿਸਤਰੇ ਵੰਡਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੇਸ਼ਨ ਨੇ ਕੈਪਸ਼ਨ ’ਚ ਲਿਖਿਆ ਹੈ, ‘ਕਈ ਦਿਨਾਂ ਤੋਂ ਸਾਡੀ ਟੀਮ ‘ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਰੂਪ ਨਗਰ’ ’ਚ ਸੇਵਾ ਕਰ ਰਹੀ ਹੈ। ਪਹਿਲਾਂ ਰੈਸਕਿਊ ਅਪ੍ਰੇਸ਼ਨ, ਢੇਰ ਲੰਗਰ, ਬੱਚਿਆ ਲਈ ਸਕੂਲ ਬੈਗ ਅਤੇ ਅੱਜ ਬਿਸਤਰੇ ਵੰਡ ਰਹੇ ਹਾਂ। ਕ੍ਰਿਪਾ ਕਰਕੇ ਜੋ ਵੀ ਹੈਲਪ ਹੋ ਸਕਦੀ ਹੈ ਕਰੋ। ਜੇ ਕੋਈ ਮਦਦ ਕਰਨਾ ਚਾਹੰੁਦਾ ਹੈ ਤਾਂ ਸਾਨੂੰ ਫੋਨ ਕਰੋ। ਦਿਖਾਵੇ ਲਈ ਮੁਆਫੀ। ਦਿਲ ਤੋਂ ਧੰਨਵਾਦ ਇਨ੍ਹਾਂ ਸਾਰੀਆਂ ਰੂਹਾਂ ਦਾ, ਜਿਨ੍ਹਾਂ ਕਰਕੇ ਸੇਵਾ ਦਾ ਮੌਕਾ ਮਿਲਿਆ। ਇਹ ਕਿਸੇ ’ਤੇ ਅਹਿਸਾਨ ਨਹੀਂ ਸਗੋਂ ਸਾਡੀ ਡਿਊਟੀ ਹੈ।’’ ਇਸ ਤੋਂ ਇਲਾਵਾ ਉਨ੍ਹਾਂ ਨੇ ਖਾਸ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਹੜ੍ਹ ਪੀੜਤਾਂ ਲਈ ਹਿਮਾਂਸ਼ੀ ਖੁਰਾਨਾ, ਗਿੱਪੀ ਗਰੇਵਾਲ, ਰੇਸ਼ਮ ਸਿੰਘ ਅਨਮੋਲ, ਤਰਸੇਮ ਜੱਸੜ, ਕੁਲਬੀਰ ਝਿੰਜਰ ਵਰਗੇ ਕਈ ਸਿਤਾਰੇ ਅੱਗੇ ਆ ਚੁੱਕੇ ਹਨ।