ਜਲੰਧਰ (ਮ੍ਰਿਦੁਲ ਸ਼ਰਮਾ) : ਗੰਨ ਕਲਚਰ ਨੂੰ ਆਪਣੇ ਗੀਤਾਂ ਅਤੇ ਵੀਡੀਓ ਵਿਚ ਪ੍ਰਮੋਟ ਕਰਨ ਕਾਰਣ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇਕ ਬੁਰੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ 29 ਫਰਵਰੀ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਉਨ੍ਹਾਂ ਦੇ ਈਵੈਂਟ ਨੂੰ ਪੁਲਸ ਕਮਿਸ਼ਨਰੇਟ ਵਲੋਂ ਪਰਮਿਸ਼ਨ ਨਹੀਂ ਮਿਲੀ। ਕਾਰਣ ਹੈ ਕਿ ਸਿੱਧੂ ਮੂਸੇਵਾਲਾ ਖਿਲਾਫ ਮਾਣਯੋਗ ਹਾਈ ਕੋਰਟ ਵਿਚ ਲੋਕਾਂ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਹੈ, ਜੋ ਕਿ ਫਿਲਹਾਲ ਪੈਂਡਿੰਗ ਹੈ। ਹੁਣ ਇਸ ਨੂੰ ਲੈ ਕੇ ਜਲੰਧਰ 'ਚ ਸ਼ਹਿਰ ਦੇ ਲੋਕਾਂ ਅਤੇ ਫੈਨਜ਼ ਵਿਚ ਸ਼ਸ਼ੋਪੰਜ ਦਾ ਮਾਹੌਲ ਹੈ ਕਿ ਉਨ੍ਹਾਂ ਦਾ ਸ਼ੋਅ ਜਲੰਧਰ 'ਚ ਹੋਵੇਗਾ ਜਾਂ ਨਹੀਂ ਕਿਉਂਕਿ ਉਨ੍ਹਾਂ ਦੇ ਸ਼ੋਅ ਦੇ ਸਪਾਂਸਰਜ਼ ਨੂੰ ਸਬੰਧਤ ਡਿਪਾਰਟਮੈਂਟ ਤੋਂ ਸ਼ੋਅ ਕਰਨ ਸਬੰਧੀ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ।
ਦੂਜੇ ਪਾਸੇ ਪੁਲਸ ਕਮਿਸ਼ਨਰ ਦਫਤਰ 'ਚ ਤਾਇਨਾਤ ਇਕ ਟਾਪ ਰੈਂਕ ਦੇ ਅਫਸਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਗਾਇਕ ਮੂਸੇਵਾਲਾ ਖਿਲਾਫ ਹਾਈ ਕੋਰਟ 'ਚ ਮਾਮਲਾ ਚੱਲ ਰਿਹਾ ਹੈ, ਜਿਸ ਕਾਰਣ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਜਲੰਧਰ 'ਚ ਸ਼ੋਅ ਕਰਨ ਸਬੰਧੀ ਪਰਮਿਸ਼ਨ ਨੂੰ ਫਿਲਹਾਲ ਖਾਰਿਜ ਕਰ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਦੇ ਸ਼ੋਅ ਦੇ ਸਪਾਂਸਰ ਡੀ. ਜੀ. ਪੀ. ਆਫਿਸ ਤੋਂ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੋਅ ਹੋਣ 'ਚ 2 ਦਿਨ ਬਚੇ ਹਨ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦਾ ਸ਼ੋਅ ਜਲੰਧਰ 'ਚ ਹੋਣ ਦੇ ਆਸਾਰ ਨਹੀਂ ਨਜ਼ਰ ਆ ਰਹੇ। ਭਾਵੇਂ ਪੰਜਾਬ ਦੇ ਇੰਨੇ ਵੱਡੇ ਗਾਇਕ ਦੇ ਸ਼ੋਅ ਨੂੰ ਪਰਮਿਸ਼ਨ ਨਾ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ ਪਿੰਡ ਮੂਸਾ ਵਿਚ ਭੜਕਾਊ ਗੀਤ ਗਾ ਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ, ਜਿਸ ਨੂੰ ਲੈ ਕੇ ਮਾਨਸਾ ਪੁਲਸ ਨੇ ਕੇਸ ਵੀ ਦਰਜ ਕਰ ਲਿਆ ਸੀ। ਅਜੇ ਦੋ ਦਿਨ ਪਹਿਲਾਂ ਹੀ ਪੁਲਸ ਨੇ ਗਾਇਕ ਮੂਸੇਵਾਲਾ ਅਤੇ ਔਲਖ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਦੇ ਤਹਿਤ ਇਹ ਦੋਵੇਂ ਹੁਣ ਵਿਦੇਸ਼ਾਂ 'ਚ ਟੂਰ ਨਹੀਂ ਕਰ ਸਕਦੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਸੀਨੀਅਰ ਵਕੀਲ ਨੇ ਵੀ 27 ਜਨਵਰੀ ਨੂੰ ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਮਾਨਸਾ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਗਾਇਕ ਮੂਸੇਵਾਲਾ, ਮਨਕੀਰਤ ਔਲਖ ਅਤੇ ਉਨ੍ਹਾਂ ਦੇ 5-7 ਸਾਥੀਆਂ ਨੇ ਭੜਕਾਊ ਗੀਤ ਗਾ ਕੇ ਯੂ-ਟਿਊਬ 'ਤੇ ਅਪਲੋਡ ਕੀਤਾ ਸੀ। ਉਨ੍ਹਾਂ ਦੋਵਾਂ ਪੰਜਾਬੀ ਗਾਇਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਐੱਨ. ਆਰ. ਆਈ. ਨੂੰ ਧਮਕਾਉਣ ਦੇ ਮਾਮਲੇ 'ਚ ਘਿਰੇ ਹਨ ਮੂਸੇਵਾਲਾ
ਉਥੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਖਬਰ ਅਨੁਸਾਰ ਸਿੱਧੂ ਮੂਸੇਵਾਲਾ ਨੇ ਇਕ ਐੱਨ. ਆਰ. ਆਈ. ਲੜਕੀ ਨੂੰ ਵੀ ਫੋਨ ਕਰ ਕੇ ਧਮਕਾਇਆ ਸੀ। ਉਨ੍ਹਾਂ 'ਤੇ ਥਾਣਾ ਐੱਨ. ਆਰ. ਆਈ. 'ਚ ਵੀ ਇਕ ਕੇਸ ਦਰਜ ਹੈ। ਮੂਸੇਵਾਲਾ ਖਿਲਾਫ ਮੋਗਾ ਦੀ ਰਹਿਣ ਵਾਲੀ ਕਮਲਜੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇੰਗਲੈਂਡ ਦੇ ਇਕ ਨੰਬਰ ਤੋਂ ਧਮਕੀ ਭਰੇ ਫੋਨ ਆ ਰਹੇ ਹਨ, ਜਿਸ ਸਬੰਧੀ ਜਦੋਂ ਸਾਈਬਰ ਸੈੱਲ ਦੀ ਟੀਮ ਨੇ ਜਾਂਚ ਕੀਤੀ ਤਾਂ ਟੈਕਨੀਕਲ ਜਾਂਚ ਵਿਚ ਉਹ ਨੰਬਰ ਸਿੱਧੂ ਮੂਸੇਵਾਲਾ ਦਾ ਨਿਕਲਿਆ। ਇਸ ਕੇਸ ਸਬੰਧੀ ਪੁਲਸ ਅਜੇ ਜਾਂਚ ਕਰ ਰਹੀ ਹੈ।
ਮੂਸੇਵਾਲਾ ਦੀ ਟੀਮ ਆਈ ਸੀ ਪੁਲਸ ਕੋਲੋਂ ਪਰਮਿਸ਼ਨ ਮੰਗਣ ਪਰ ਹਾਈ ਕੋਰਟ ਮਾਮਲੇ ਦਾ ਹਵਾਲਾ ਦੇ ਕੇ ਨਹੀਂ ਦਿੱਤੀ ਪਰਮਿਸ਼ਨ
ਉਥੇ ਹੀ ਇਸ ਸਬੰਧੀ ਇਕ ਏ. ਸੀ. ਪੀ. ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਮੂਸੇਵਾਲਾ ਖਿਲਾਫ ਚੱਲ ਰਹੇ ਹਾਈ ਕੋਰਟ 'ਚ ਮਾਮਲੇ ਕਾਰਣ ਉਨ੍ਹਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਉਨ੍ਹਾਂ ਕੋਲ ਸਿੱਧੂ ਮੂਸੇਵਾਲਾ ਦੀ ਟੀਮ ਪਰਮਿਸ਼ਨ ਮੰਗਣ ਲਈ ਆਈ ਸੀ ਪਰ ਹਾਈ ਕੋਰਟ ਵਿਚ ਕੇਸ ਚੱਲਣ ਕਾਰਣ ਉਨ੍ਹਾਂ ਨੂੰ ਹਾਈ ਕੋਰਟ ਮੈਟਰ ਦਾ ਹਵਾਲਾ ਦੇ ਕੇ ਪਰਮਿਸ਼ਨ ਨਹੀਂ ਦਿੱਤੀ ਗਈ।
ਰਾਜਨੀਤਕ ਅਪ੍ਰੋਚ ਵਿਚ ਜੁਟੇ ਸਿੱਧੂ ਮੂਸੇਵਾਲਾ ਦੇ ਸ਼ੋਅ ਸਪਾਂਸਰ
ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਮੂਸੇਵਾਲਾ ਸ਼ੋਅ ਦੇ ਸਪਾਂਸਰ ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਸ਼ੋਅ ਦਾ ਸਾਰਾ ਪੈਸਾ ਖਰਚ ਕਰ ਰਹੇ ਹਨ, ਹੁਣ ਪੁਲਸ ਤੋਂ ਪਰਮਿਸ਼ਨ ਨਾ ਮਿਲਣ ਕਾਰਣ ਰਾਜਨੀਤਕ ਸਿਫਾਰਸ਼ ਲਈ ਜੁਗਾੜ ਲਾ ਰਹੇ ਹਨ ਤਾਂ ਕਿ ਉਨ੍ਹਾਂ ਵਲੋਂ ਲਾਇਆ ਗਿਆ ਪੈਸਾ ਫਜ਼ੂਲ ਨਾ ਜਾਵੇ।