FacebookTwitterg+Mail

ਸਿੱਧੂ ਮੂਸੇ ਵਾਲਾ ਨੇ ਮੰਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ

sidhu moose wala apologize sri akal takht sahib
25 September, 2019 08:24:40 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਮੁਆਫੀ ਮੰਗ ਲਈ ਹੈ। ਸਿੱਧੂ ਮੂਸੇ ਵਾਲਾ ਨੇ ਮੁਆਫੀ ਆਪਣੇ ਇਕ ਗੀਤ ਨੂੰ ਲੈ ਕੇ ਮੰਗੀ ਹੈ, ਜਿਸ 'ਚ ਉਨ੍ਹਾਂ ਨੇ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਸੀ। ਇਸ ਗੀਤ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੱਧੂ ਨੇ ਗੀਤ 'ਤੇ ਵਿਵਾਦ ਸ਼ੁਰੂ ਹੁੰਦਾ ਦੇਖ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵੀ ਮੁਆਫੀ ਮੰਗੀ ਹੈ।

Punjabi Bollywood Tadka

ਸਿੱਧੂ ਮੂਸੇ ਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਲਿਖੇ ਮੁਆਫੀਨਾਮੇ 'ਚ ਲਿਖਿਆ, 'ਮੈਂ ਨਿਮਾਣਾ ਸੇਵਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਪੁੱਤਰ ਸ. ਬਲਕੌਰ ਸਿੰਘ ਪਿੰਡ ਮੂਸਾ ਜ਼ਿਲਾ ਮਾਨਸਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰੇ ਵਲੋਂ ਪਿਛਲੇ ਦਿਨੀਂ ਇਕ ਗੀਤ ਗਾਇਆ ਗਿਆ ਸੀ, ਜਿਸ 'ਚ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜ਼ਿਕਰ ਨਾਲ ਸਾਡੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਮੈਂ ਗੁਰੂ ਦਾ ਨਿਮਾਣਾ ਸੇਵਕ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਚ ਅਥਾਂਹ ਵਿਸ਼ਵਾਸ ਰੱਖਦਾ ਹਾਂ। ਮੇਰੇ ਵਲੋਂ ਅਣਜਾਣੇ 'ਚ ਹੋਈ ਇਸ ਭੁੱਲ ਲਈ ਮੈਂ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਮੈਨੂੰ ਤੁਸੀਂ ਜਦੋਂ ਵੀ ਹੁਕਮ ਕਰੋਗੇ ਮੈਂ ਆਪ ਜੀ ਸਨਮੁੱਖ ਹਾਜ਼ਰ ਹੋ ਜਾਵਾਂਗਾ। ਇਸ ਗਲਤੀ ਲਈ ਮੇਰੇ ਲਈ ਜੋ ਵੀ ਸਜ਼ਾ ਸੁਣਾਈ ਜਾਵੇਗੀ, ਮੈਂ ਨਿਮਾਣਾ ਸਿੱਖ ਖਿੜੇ ਮੱਥੇ ਪ੍ਰਵਾਨ ਕਰਾਂਗਾ। ਮੈਂ ਨਵੰਬਰ ਮਹੀਨੇ ਦੇ ਆਖਰੀ ਹਫਤੇ 'ਚ ਪੰਜਾਬ ਆ ਕੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਗਲਤੀ ਲਈ ਮੁਆਫ ਕਰੋਗੇ।'


Tags: Sidhu Moose WalaSri Akal Takht SahibSong Controversyਸਿੱਧੂ ਮੂਸੇ ਵਾਲਾਸ੍ਰੀ ਅਕਾਲ ਤਖਤ ਸਾਹਿਬ

Edited By

Rahul Singh

Rahul Singh is News Editor at Jagbani.