ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਦੁਨੀਆ ਭਰ ਵਿਚ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਤਕ ਇਸ ਬਿਮਾਰੀ ਦੀ ਲਪੇਟ ਵਿਚ ਆ ਕੇ ਕਈ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਜਦੋਂਕਿ ਕਈ ਲੋਕ ਹਾਲੇ ਵੀ ਇਸ ਬਿਮਾਰੀ ਨਾਲ ਜੂਝ ਰਹੇ ਹਨ। ਇਸ ਬਿਮਾਰੀ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਕੇਂਦਰ ਸਰਕਾਰ ਵਲੋਂ ਪਿਛਲੇ ਕੁਝ ਹਫਤਿਆਂ ਤੋਂ 'ਲੌਕ ਡਾਊਨ' ਜਾਰੀ ਕੀਤਾ ਗਿਆ ਹੈ। ਇਸ ਕਾਰਨ ਲੋਕ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿਣ ਨੂੰ ਮਜ਼ਬੂਰ ਹੋ ਗਏ ਹਨ। ਇਸ ਗੰਭੀਰ ਸੰਕਟ ਦੌਰਾਨ ਡਾਕਟਰ, ਨਰਸਾਂ ਅਤੇ ਪੁਲਸ ਅਫਸਰ ਆਪੋ-ਆਪਣੀ ਡਿਊਟੀ 'ਤੇ ਤੈਨਾਤ (ਮੁਸਤੈਦ) ਹਨ। ਪਿਛਲੇ ਕੁਝ ਦਿਨ ਪਹਿਲਾ ਹੀ ਪਟਿਆਲਾ ਵਿਚ ਪੁਲਸ ਮੁਲਾਜ਼ਮ ਹਰਜੀਤ ਸਿੰਘ ਦਾ ਡਿਊਟੀ ਦੌਰਾਨ ਇਕ ਸ਼ਖਸ ਨੇ ਹੱਥ ਵੱਡ ਦਿੱਤਾ ਸੀ। ਹੱਥ ਵੱਡਣ ਦਾ ਕਾਰਨ ਸਿਰਫ ਪੁਲਸ ਮੁਲਾਜ਼ਮਾਂ ਵਲੋਂ 'ਗਰੁੱਪਾਂ ਵਿਚ ਆ ਰਹੇ ਲੋਕਾਂ' ਦੀ ਰੋਕ ਅਤੇ 'ਲੌਕ ਡਾਊਨ' ਦਾ ਪਾਲਣ ਸੀ।ਅਜਿਹੇ ਵਿਚ ਪੁਲਸ ਮੁਲਾਜ਼ਮਾਂ ਦੇ ਹੱਕ ਵਿਚ ਕਈ ਲੋਕ ਅੱਗੇ ਆਏ ਹਨ। ਹਾਲ ਹੀ ਵਿਚ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਗੁਰਦਾਸ ਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਲੋਕਾਂ ਨੂੰ 'ਲੌਕ ਡਾਊਨ' ਦਾ ਪਾਲਣ ਦੀ ਤਾਕੀਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਆਖ ਰਹੇ ਹਨ ਕਿ ਸਾਡੇ ਲਈ ਪੁਲਸ ਮੁਲਾਜ਼ਮ ਅਤੇ ਡਾਕਟਰ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਾਡੀ ਸੁਰੱਖਿਆ ਲਈ ਤਾਇਨਾਤ ਹਨ ਪਰ ਅਸੀਂ ਉਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਹੀ ਇੱਟਾਂ-ਪੱਥਰ ਚਲਾ ਰਹੇ ਹਾਂ, ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਹੀ ਦੇਸ਼ ਨੂੰ ਬਦਨਾਮ ਕਰ ਰਹੇ ਹੋ। ਉਨ੍ਹਾਂ ਨੇ ਹਰਜੀਤ ਸਿੰਘ ਵਰਗੇ ਪੁਲਸ ਮੁਲਾਜ਼ਮਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਅਜਿਹਾ ਪੁਲਸ ਮੁਲਾਜ਼ਮਾਂ ਨੂੰ ਸਲਾਮ ਹੈ, ਜਿਹੜੇ ਆਪਣੇ ਘਰ ਬਾਹਰ ਛੱਡ ਕੇ ਸਾਡੀ ਸੁਰੱਖਿਆ ਲਈ ਖੜ੍ਹੇ ਹਨ।''
ਦੱਸਣਯੋਗ ਹੈ ਕਿ ਪੰਜਾਬ ਪੁਲਸ ਦੇ ਜਵਾਨਾਂ ਨੇ ਵੀ ਹਰਜੀਤ ਸਿੰਘ ਨੂੰ ਅਨੋਖੀ ਸਲਾਮੀ ਦਿੱਤੀ ਹੈ। ਪੰਜਾਬ ਪੁਲਸ ਦੇ 80,000 ਮੁਲਾਜ਼ਮਾਂ ਨੇ 'ਮੈਂ ਵੀ ਹਾਂ ਹਰਜੀਤ ਸਿੰਘ' ਦੇ ਨਾਅਰੇ ਲਾਏ ਅਤੇ ਥਾਣੇਦਾਰ ਹਰਜੀਤ ਸਿੰਘ ਨੂੰ ਸਲਾਮੀ ਦੇਣ ਲਈ 1.60 ਲੱਖ ਹਵਾ ਵਿਚ ਉਠਾਏ। ਖਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਨੇ ਆਪਣੇ ਡਰੈੱਸ 'ਤੇ ਹਰਜੀਤ ਸਿੰਘ ਦੇ ਨਾਂ ਦੀ ਤਖਤੀ ਲਗਵਾਈ ਹੈ।