ਜਲੰਧਰ (ਵੈੱਬ ਡੈਸਕ) - ਮਸ਼ਹੂਰ ਅਦਾਕਾਰ ਸਨੀ ਦਿਓਲ, ਜੋ ਕਿ ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਨ। ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਵੀ ਹਾਸਿਲ ਕੀਤੀ। ਸਨੀ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਵੀ ਹਨ। ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਲੋਕਾਂ ਵਿਚ ਤੜਥਲੀ ਮਚਾਈ ਹੋਈ ਹੈ। ਹੁਣ ਤਕ ਪੰਜਾਬ ਦੇ ਕਈ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।
ਹਾਲ ਹੀ ਵਿਚ ਸਨੀ ਦਿਓਲ ਨੇ ਟਵੀਟ ਕਰਕੇ ਆਪਣੇ ਹਲਕੇ ਲਈ ਜਾਰੀ ਕੀਤੀ ਰਾਹਤ ਰਾਸ਼ੀ ਬਾਰੇ ਦੱਸਿਆ ਹੈ। ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਟਵੀਟ ਕਰਦੇ ਹੋਏ ਲਿਖਿਆ- ਲੋਕ ਸਭਾ ਗੁਰਦਾਸਪੁਰ ਦੇ ਸਿਹਤ ਵਿਭਾਗ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾਅ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੈਂ ਆਪਣੇ ਐੱਮ. ਪੀ. ਲੈਂਡ ਵਿੱਚੋ 50,00,000 ਦਾ ਫੰਡ ਜਾਰੀ ਕਰਦਾ ਹਾਂ ਤਾ ਜੋ ਸਾਡੇ ਹਲਕੇ ਗੁਰਦਾਸਪੁਰ ਨੂੰ ਇਸ ਮਹਾਮਾਰੀ ਦਾ ਸਾਹਮਣਾ ਨਾ ਕਰਨਾ ਪਵੇ।
ਦੱਸ ਦਇਏ ਕਿ ਸਨੀ ਦਿਓਲ ਦੇ ਇਸ ਕੰਮ ਦੀ ਲੋਕ ਪ੍ਰਸ਼ੰਸ਼ਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣਾ ਇਕ ਵੀਡੀਓ ਪੋਸਟ ਕਰਕੇ ਦੇਸ਼ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਕਿ ਕੋਰੋਨਾ ਵਰਗੀ ਮਹਾਮਾਰੀ ਉੱਤੇ ਕਾਬੂ ਪਾਇਆ ਜਾ ਸਕੇ। ਇਸ ਵੀਡੀਓ ਵਿਚ ਉਹ ਪੰਜਾਬੀ ਵਿਚ ਬੋਲਦੇ ਨਜ਼ਰ ਆਏ ਸਨ।