ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਪਣੀ ਫਿਲਮ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਕਾਰਨ ਵਿਵਾਦਾਂ 'ਚ ਘਿਰ ਗਈ ਹੈ। 16 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਵੈੱਬ ਸੀਰੀਜ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ 'ਕੌਰ' ਸ਼ਬਦ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਐੱਸ. ਜੀ. ਪੀ. ਸੀ. ਦੀ ਮੈਂਬਰ ਕਰਨਜੋਤ ਕੌਰ ਦਾ ਕਹਿਣਾ ਹੈ ਕਿ ਇਹ ਇਕ ਕਲੰਕ ਵਾਲੀ ਗੱਲ ਹੈ, ਜੋ ਇਸ ਤਰ੍ਹਾਂ ਦੀ ਮਹਿਲਾ ਆਪਣੇ ਨਾਂ ਨਾਲ ਕੌਰ ਸ਼ਬਦ ਲਗਾ ਰਹੀ ਹੈ। ਉਸ ਨੂੰ ਆਪਣੇ ਨਵੇਂ ਨਾਂ ਨਾਲ ਇਸ ਫਿਲਮ ਨੂੰ ਉਤਾਰਨਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੰਨੀ ਲਿਓਨੀ ਹੁਣ ਸਿੱਖ ਕੌਮ ਤੋਂ ਬਾਹਰ ਹੋ ਗਈ ਹੈ ਤੇ ਰਹਿਤ ਮਰਿਆਦਾ ਤਹਿਤ ਉਹ ਆਪਣੇ ਨਾਂ ਨਾਲ ਕੌਰ ਸ਼ਬਦ ਨਹੀਂ ਲਗਾ ਸਕਦੀ।
ਦੱਸਣਯੋਗ ਹੈ ਕਿ ਇਹ ਵੈੱਬ ਸੀਰੀਜ਼ ਸੰਨੀ ਲਿਓਨੀ ਦੀ ਬਾਇਓਪਿਕ ਹੈ। ਫਿਲਮ 'ਚ ਸੰਨੀ ਲਿਓਨੀ ਦੇ ਬਚਪਨ ਤੋਂ ਲੈ ਕੇ ਹੁਣ ਤਕ ਦਾ ਸਫਰ ਦਿਖਾਇਆ ਗਿਆ ਹੈ। ਨਾਲ ਹੀ ਉਸ ਦੇ ਪੋਰਨ ਸਟਾਰ ਬਣਨ ਦੀ ਵਜ੍ਹਾ ਵੀ ਦੱਸੀ ਗਈ ਹੈ। ਸੰਨੀ ਲਿਓਨੀ ਦੀ ਬਾਲੀਵੁੱਡ ਐਂਟਰੀ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਦੀ ਗਿਣਤੀ ਭਾਰਤ 'ਚ ਵਧੀ। ਫਿਲਹਾਲ ਸੰਨੀ ਲਿਓਨੀ ਦਾ ਐੱਸ. ਜੀ. ਪੀ. ਸੀ. ਦੇ ਇਤਰਾਜ਼ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।