FacebookTwitterg+Mail

ਸੁਰਵੀਨ ਚਾਵਲਾ 'ਤੇ ਲੱਗਾ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼

surveen chawla fraud case
04 May, 2018 04:25:42 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਪੁਲਸ ਨੇ ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਦੇ ਨਾਲ ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਖਿਲਾਫ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪ੍ਰੈੱਸ ਕਲੱਬ 'ਚ ਸ਼ਿਕਾਇਤਕਰਤਾ ਸਤਪਾਲ ਗੁਪਤਾ ਤੇ ਉਸ ਦੇ ਬੇਟੇ ਪੰਕਜ ਗੁਪਤਾ ਨੇ ਆਪਣੇ ਵਕੀਲ ਨਵੀਨ ਜੈਰਥ ਦੀ ਮੌਜੂਦਗੀ 'ਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 'ਨੀਲ ਬੱਟੇ ਸੰਨਾਟਾ' ਫਿਲਮ ਦੇ ਨਿਰਮਾਣ 'ਚ ਉਕਤ ਤਿੰਨਾਂ ਨੇ ਉਨ੍ਹਾਂ ਨਾਲ 40 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਸਤਪਾਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਦਿੱਤੇ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਦੀ ਬਜਾਏ ਅਭਿਨੇਤਰੀ ਸੁਰਵੀਨ ਚਾਵਲਾ ਦੇ ਪਤੀ ਅਕਸ਼ੇ ਠੱਕਰ ਦੇ ਖਾਤੇ 'ਚ ਕਿਵੇਂ ਟਰਾਂਸਫਰ ਹੋਏ, ਇਹ ਸਮਝ ਨਹੀਂ ਆ ਰਿਹਾ। ਮੁਲਜ਼ਮਾਂ ਦੇ ਇਸ ਰਵੱਈਏ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਉਨ੍ਹਾਂ ਨੇ 40 ਲੱਖ ਰੁਪਏ ਨਹੀਂ ਦਿੱਤੇ ਹਨ। ਇਸ ਤਰ੍ਹਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ 40 ਲੱਖ ਰੁਪਏ ਦੀ ਸਿੱਧੇ ਤੌਰ 'ਤੇ ਧੋਖਾਧੜੀ ਕੀਤੀ ਹੈ।

ਪੈਸੇ ਡਬਲ ਕਰਨ ਦਾ ਦਿੱਤਾ ਝਾਂਸਾ
ਸਤਪਾਲ ਗੁਪਤਾ ਤੇ ਪੰਕਜ ਗੁਪਤਾ ਨੇ ਦੱਸਿਆ, 'ਪੰਜਾਬ ਤੇ ਨਿਊਜ਼ੀਲੈਂਡ 'ਚ ਉਹ ਫਿਲਮ ਅਭਿਨੇਤਰੀ ਸੁਰਵੀਨ ਚਾਵਲਾ ਤੇ ਉਸ ਦੇ ਭਰਾ ਮਨਵਿੰਦਰ ਚਾਵਲਾ ਨਾਲ ਸੰਪਰਕ 'ਚ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸੀਂ 'ਨੀਲ ਬੱਟੇ ਸੰਨਾਟਾ' ਫਿਲਮ ਬਣਾ ਰਹੇ ਹਾਂ। ਤੁਸੀਂ 1 ਕਰੋੜ ਰੁਪਏ ਇਨਵੈਸਟ ਕਰੋ। 50 ਤੋਂ 60 ਲੱਖ ਰੁਪਏ ਤਾਂ ਤੁਹਾਨੂੰ ਫਿਲਮ ਰਿਲੀਜ਼ ਹੁੰਦੇ ਹੀ 6 ਮਹੀਨਿਆਂ ਦੇ ਅੰਦਰ ਮਿਲ ਜਾਣਗੇ, ਉਥੇ ਤੁਸੀਂ ਇਸ ਰਾਹੀਂ ਆਪਣੀ ਰਕਮ ਨੂੰ ਡਬਲ ਕਰ ਸਕਦੇ ਹੋ। ਮਨਵਿੰਦਰ ਤੇ ਸੁਰਵੀਨ ਦੀਆਂ ਗੱਲਾਂ 'ਚ ਆ ਕੇ ਅਸੀਂ ਫਿਲਮ ਨਿਰਮਾਣ ਕੰਪਨੀ ਦੇ ਨਾਂ 'ਤੇ 11 ਲੱਖ ਤੇ 40 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਤਕਨੀਕੀ ਖਰਾਬੀ ਕਾਰਨ 11 ਲੱਖ ਰੁਪਏ ਸਾਡੇ ਖਾਤੇ 'ਚ ਵਾਪਸ ਆ ਗਏ ਪਰ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਦੇ ਖਾਤੇ 'ਚ ਸ਼ੋਅ ਨਹੀਂ ਹੋ ਰਹੇ ਸਨ। ਫਿਲਮ 22 ਅਪ੍ਰੈਲ 2016 ਨੂੰ ਰਿਲੀਜ਼ ਵੀ ਹੋ ਗਈ। ਦੱਸਿਆ ਗਿਆ ਸੀ ਕਿ ਤੁਹਾਡੇ ਪੈਸੇ ਰਿਲੀਜ਼ ਦੇ 4 ਮਹੀਨਿਆਂ ਬਾਅਦ ਵਾਪਸ ਕਰ ਦਿੱਤੇ ਜਾਣਗੇ ਪਰ ਨਹੀਂ ਕੀਤੇ ਗਏ। ਇਹੀ ਨਹੀਂ ਇਨ੍ਹਾਂ ਦੇ ਗੱਲ ਕਰਨ ਦਾ ਤਰੀਕਾ ਵੀ ਬਦਲ ਗਿਆ। ਵਕੀਲ ਜੈਰਥ ਨੇ ਦੋਸ਼ ਲਗਾਇਆ ਕਿ ਇਨ੍ਹਾਂ ਵਲੋਂ ਦਿੱਤੇ 40 ਲੱਖ ਰੁਪਏ ਫਿਲਮ ਨਿਰਮਾਣ ਕੰਪਨੀ ਦੇ ਖਾਤੇ ਦੀ ਬਜਾਏ ਸੁਰਵੀਨ ਚਾਵਲਾ ਦੇ ਪਤੀ ਅਕਸ਼ੇ ਠੱਕਰ ਦੇ ਖਾਤੇ 'ਚ ਕਿਵੇਂ ਟਰਾਂਸਫਰ ਹੋ ਗਏ, ਉਹ ਵੀ ਜਾਂਚ ਦਾ ਵਿਸ਼ਾ ਹੈ।'
Punjabi Bollywood Tadka

ਕੀ ਕਹਿੰਦੇ ਹਨ ਐੱਸ. ਐੱਚ. ਓ. ਲੋਮੇਸ਼ ਸ਼ਰਮਾ
ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਲੋਮੇਸ਼ ਸ਼ਰਮਾ ਨੇ ਕਿਹਾ ਕਿ ਸ਼ਿਕਾਇਤਕਰਤਾ ਸਤਪਾਲ ਗੁਪਤਾ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠੱਕਰ ਨਿਵਾਸੀ ਜੋਗੇਸ਼ਵਰੀ ਮੁੰਬਈ ਤੇ ਸੁਰਵੀਨ ਚਾਵਲਾ ਦੇ ਭਰਾ ਮਨਵਿੰਦਰ ਚਾਵਲਾ ਨਿਵਾਸੀ ਚੰਡੀਗੜ੍ਹ ਦੇ ਖਿਲਾਫ ਧਾਰਾ 420 ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਵਲੋਂ ਛੇਤੀ ਹੀ ਤਿੰਨਾਂ ਮੁਲਜ਼ਮਾਂ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਦਿੱਤੇ ਜਾਣਗੇ। ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਤਾਂ ਪੁਲਸ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਜ਼ਰੂਰ ਕਰੇਗੀ।
Punjabi Bollywood Tadka


Tags: Surveen Chawla Fraud Case Akshay Thakker Manvinder Chawla

Edited By

Rahul Singh

Rahul Singh is News Editor at Jagbani.