ਪਠਾਨਕੋਟ/ਸੁਜਾਨਪੁਰ (ਸ਼ਾਰਦਾ, ਹੀਰਾ ਲਾਲ, ਸਾਹਿਲ) - ਸੁਜਾਨਪੁਰ ਕੋਲ ਨੈਸ਼ਨਲ ਹਾਈਵੇ 'ਤੇ ਇਸਲਾਮਪੁਰ ਦੇ ਨਜ਼ਦੀਕ ਇਕ ਟਰੱਕ ਦਾ ਸੰਤੁਲਨ ਵਿਗੜਨ ਨਾਲ ਟਰੱਕ ਬਿਜਲੀ ਦੇ ਟ੍ਰਾਂਸਫਾਰਮਰਾਂ ਨਾਲ ਟਕਰਾ ਗਿਆ, ਜਿਸ ਨਾਲ ਬਿਜਲੀ ਦੇ 2 ਟ੍ਰਾਂਸਫਾਰਮਰ ਤੇ 2 ਖੰਬੇ ਥੱਲੇ ਡਿੱਗ ਗਏ, ਜਿਸ ਕਾਰਨ ਪਿੰਡ ਭਜੂਰਾ, ਇਸਲਾਮਪੁਰ, ਇੱਟੀ, ਘਲਿਆਰੀ ਦੀ ਬਿਜਲੀ ਸਪਲਾਈ ਠੱਪ ਹੋ ਗਈ। ਜਾਣਕਾਰੀ ਅਨੁਸਾਰ ਟਰੱਕ ਜੋ ਕਿ ਸਰਨਾ ਵੱਲੋਂ ਆ ਰਿਹਾ ਸੀ ਜਦੋਂ ਪਿੰਡ ਇਸਲਾਮਪੁਰ ਕੋਲ ਪੁੱਜਾ ਤਾਂ ਅਚਾਨਕ ਉਸ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਕੋਲ ਬਿਜਲੀ ਸਪਲਾਈ ਦੇ ਟ੍ਰਾਂਸਫਾਰਮਰਾਂ ਨਾਲ ਜਾ ਟਕਰਾਇਆ।
ਇਸ ਸਬੰਧੀ ਐੱਸ. ਡੀ. ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਇਸ ਟੱਕਰ ਨਾਲ ਬਿਜਲੀ ਬੋਰਡ ਨੂੰ ਲਗਭਗ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਵਿਭਾਗ ਵੱਲੋਂ ਉਕਤ ਟਰੱਕ ਚਾਲਕ ਖਿਲਾਫ਼ ਕਾਰਵਾਈ ਕਰਨ ਲਈ ਪੁਲਸ ਵਿਭਾਗ ਨੂੰ ਲਿਖ਼ਤ ਤੌਰ 'ਤੇ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਨੂੰ ਦੂਸਰੀ ਲਾਈਨ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੁਹੇਲ ਚੰਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।