FacebookTwitterg+Mail

ਗੈਰ-ਕਾਨੂੰਨੀ ਢੰਗ ਨਾਲ ਗਾਣੇ ਡਾਊਨਲੋਡ ਕਰਨ ਵਾਲਿਆਂ ਦੀ ਖੈਰ ਨਹੀਂ

unlawful music downloading is not good
08 June, 2017 06:01:51 PM

ਜਲੰਧਰ—ਸਪੀਡ ਰਿਕਾਰਡਜ਼ ਨੇ ਗੈਰ ਕਾਨੂੰਨੀ ਤੌਰ 'ਤੇ ਕੰਪਨੀ ਦੇ ਗਾਣਿਆਂ ਦਾ ਵਪਾਰਕ ਇਸਤੇਮਾਲ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਕੰਪਨੀ ਦੇ ਪਾਰਟਨਰ ਅਤੇ ਦੁਨੀਆ ਭਰ 'ਚ ਡਿਜੀਟਲ ਰਾਈਟਜ਼ ਦਾ ਕੰਮ ਦੇਖਣ ਵਾਲੇ ਮਨਦੀਪ ਅਗਰਵਾਲ ਨੇ ਕਿਹਾ ਹੈ ਕਿ ਪੰਜਾਬ 'ਚ ਕਈ ਥਾਵਾਂ 'ਤੇ ਲੋਕ ਕੰਪਨੀ ਦੇ ਗਾਣੇ ਗੈਰ ਕਾਨੂੰਨੀ ਤੌਰ 'ਤੇ ਪੈਨਡਰਾਈਵ ਅਤੇ ਕੰਪੈਕਟ ਡਿਸਕ ਵਿਚ ਡਾਊਨਲੋਡ ਕਰ ਰਹੇ ਹਨ। ਅਜਿਹੇ ਲੋਕਾਂ ਕੋਲ ਕੰਪਨੀ ਦਾ ਲਾਇਸੈਂਸ ਨਹੀਂ ਹੈ ਲਿਹਾਜ਼ਾ ਇਹ ਗੈਰ ਕਾਨੂੰਨੀ ਕਾਰਵਾਈ ਕਾਪੀ ਰਾਈਟ ਐਕਟ ਦੇ ਦਾਇਰੇ 'ਚ ਆਉਂਦੀ ਹੈ। ਕੰਪਨੀ ਨੇ ਅਜਿਹੇ ਲੋਕਾਂ ਨਾਲ ਨਜਿੱਠਣ ਲਈ 9 ਟੀਮਾਂ ਦਾ ਗਠਨ ਕੀਤਾ ਹੈ ਜੋ ਪੰਜਾਬ ਭਰ 'ਚ ਅਜਿਹੇ ਲੋਕਾਂ 'ਤੇ ਛਾਪੇਮਾਰੀ ਕਰ ਰਹੀ ਹੈ। ਕੰਪਨੀ ਹੁਣ ਤੱਕ 85 ਅਜਿਹੇ ਲੋਕਾਂ ਖਿਲਾਫ ਐਫ. ਆਈ. ਆਰ. ਦਰਜ ਕਰਵਾ ਚੁੱਕੀ ਹੈ ਅਤੇ ਭਵਿੱਖ 'ਚ ਵੀ ਅਜਿਹੀ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਕੀ ਹੈ ਕਾਪੀ ਰਾਈਟ ਐਕਟ
ਕਾਪੀ ਰਾਈਟ ਐਕਟ ਕਿਸੇ ਵੀ ਕੰਪਨੀ ਦੇ ਗੀਤ ਨੂੰ ਨਿੱਜੀ ਜਾਂ ਵਪਾਰਕ ਤੌਰ 'ਤੇ ਇਸਤੇਮਾਲ ਕਰਨ ਲਈ ਗੈਰ-ਕਾਨੂੰਨੀ ਤਰੀਕੇ ਨਾਲ ਡਾਊਨਲੋਡ ਕਰਨ 'ਤੇ ਲਾਗੂ ਹੁੰਦਾ ਹੈ। ਇਸ ਐਕਟ ਤਹਿਤ 3 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਹਾਲਾਂਕਿ ਵੱਡੀ ਗਿਣਤੀ 'ਚ ਲੋਕ ਨਿੱਜੀ ਤੌਰ 'ਤੇ ਇਸਤੇਮਾਲ ਲਈ ਵੈਬਸਾਈਟਾਂ ਤੋਂ ਗਾਣੇ ਡਾਊਨਲੋਡ ਕਰਦੇ ਹਨ ਪਰ ਇੰਨੀ ਵੱਡੀ ਗਿਣਤੀ 'ਚ ਲੋਕਾਂ ਤੱਕ ਪਹੁੰਚ ਕਰਨਾ ਜਾਂ ਰੋਕ ਪਾਉਣਾ ਸੰਭਵ ਨਹੀਂ ਹੁੰਦਾ ਪਰ ਜੋ ਲੋਕ ਗਾਣੇ ਡਾਊਨਲੋਡ ਕਰਕੇ ਉਨ੍ਹਾਂ ਦੇ ਬਦਲੇ ਪੈਸੇ ਚਾਰਜ ਕਰਦੇ ਹਨ ਜਾਂ ਕਿਸੇ ਹੋਰ ਤਰ੍ਹਾਂ ਦਾ ਵਪਾਰਕ ਇਸਤੇਮਾਲ ਕਰਦੇ ਹਨ ਉਨ੍ਹਾਂ ਖਿਲਾਫ ਕੰਪਨੀ ਕਾਪੀ ਰਾਈਟ ਐਕਟ ਤਹਿਤ ਕਾਰਵਾਈ ਕਰ ਸਕਦੀ ਹੈ।
ਕਰਤਾਰਪੁਰ ਵਰਗੀ ਕਾਰਵਾਈ ਫਿਰ ਹੋਵੇਗੀ
ਸਪੀਡ ਰਿਕਾਰਡ ਵਲੋਂ ਬੀਤੇ ਦਿਨੀਂ ਕਰਤਾਰਪੁਰ ਵਿਖੇ ਗੈਰ ਕਾਨੂੰਨੀ ਤਰੀਕੇ ਨਾਲ ਗਾਣੇ ਡਾਊਨਲੋਡ ਕਰਨ ਵਾਲਿਆਂ ਖਿਲਾਫ ਕੀਤੀ ਗਈ ਕਾਰਵਾਈ ਦੌਰਾਨ ਕੁਝ ਸਿਆਸੀ ਲੋਕਾਂ ਨੇ ਦਖਲਅੰਦਾਜ਼ੀ ਕੀਤੀ ਸੀ ਜਿਸ ਦੇ ਚਲਦਿਆਂ ਕੰਪਨੀ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ ਸਨ ਪਰ ਕੰਪਨੀ ਨੇ ਸਾਫ ਕੀਤਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਗਾਣੇ ਡਾਊਨਲੋਡ ਕਰਕੇ ਵਪਾਰਕ ਇਸਤੇਮਾਲ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਰਤਾਰਪੁਰ ਵਿਚ ਇਕ ਵਾਰ ਫਿਰ ਅਜਿਹੀ ਕਾਰਵਾਈ ਕੀਤੀ ਜਾਵੇਗੀ। ਕੰਪਨੀ ਪਾਸ ਕਰਤਾਰਪੁਰ ਵਿਖੇ ਹੋ ਰਹੇ ਇਸ ਗੈਰ ਕਾਨੂੰਨੀ ਕੰਮ ਦੇ ਪੂਰੇ ਸਬੂਤ ਮੌਜੂਦ ਹਨ ਅਤੇ ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਹੀ ਭਵਿੱਖ 'ਚ ਕਾਰਵਾਈ ਕੀਤੀ ਜਾਵੇਗੀ।


Tags: Jalandharillegaldigital rightsਜਲੰਧਰਗੈਰ ਕਾਨੂੰਨੀ ਡਿਜੀਟਲ ਰਾਈਟਜ਼