ਜਲੰਧਰ— ਥੋੜ੍ਹੇ ਸਮੇਂ 'ਚ ਹੀ ਪੰਜਾਬੀ ਸੰਗੀਤ ਜਗਤ 'ਚ ਚੰਗੀ ਪਛਾਣ ਕਾਇਮ ਕਰਨ ਵਾਲਾ ਖ਼ੁਸ਼ਕਿਸਮਤ ਗਾਇਕ ਹੈ ਰਣਜੀਤ ਬਾਵਾ। ਰਣਜੀਤ ਬਾਵਾ ਦਾ ਜਨਮ ਜ਼ਿਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ 14 ਮਾਰਚ 1989 ਨੂੰ ਪਿਤਾ ਮਰਹੂਮ ਸ੍ਰੀ ਗੱਜਣ ਸਿੰਘ ਬਾਜਵਾ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ। ਰਣਜੀਤ ਨੂੰ ਬਚਪਨ ਤੋਂ ਹੀ ਗਾਇਕੀ ਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਤਰ੍ਹਾਂ ਸਕੂਲੀ ਸਮਾਗਮਾਂ 'ਚ ਭਾਗ ਲੈਂਦੇ ਹੋਏ ਉਸ ਨੇ ਆਪਣੀ ਕਲਾ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਮਾਗਮਾਂ ਦੌਰਾਨ ਰਣਜੀਤ ਅਕਸਰ 'ਬੋਲ ਮਿੱਟੀ ਦਿਆ ਬਾਵਿਆ' ਗੀਤ ਗਾਉਂਦਾ ਤੇ ਸ਼ਾਨਦਾਰ ਪੇਸ਼ਕਾਰੀ ਸਦਕਾ ਹਰ ਸੁਣਨ ਵਾਲੇ ਨੂੰ ਕੀਲ ਕੇ ਰੱਖ ਲੈਂਦਾ ਸੀ, ਜਿਸ ਤੋਂ ਲੋਕਾਂ ਨੇ ਉਸ ਦੇ ਰਣਜੀਤ ਨਾਂ ਨਾਲ ਬਾਵਾ ਜੋੜ ਦਿੱਤਾ।
ਉਮਰ ਦੇ ਨਾਲ-ਨਾਲ ਉਸ ਦਾ ਸੰਗੀਤ ਪ੍ਰਤੀ ਲਗਾਅ ਹੋਰ ਵੀ ਵਧਦਾ ਗਿਆ। ਉਸ ਨੇ ਗੁਰੂ ਨਾਨਕ ਕਾਲਜ ਬਟਾਲਾ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੰਗੀਤ ਦੀ ਐੱਮ. ਏ. ਕੀਤੀ ਤੇ ਨਾਲ ਹੀ ਸਮੇਂ-ਸਮੇਂ 'ਤੇ ਸੱਭਿਆਚਾਰਕ ਪ੍ਰੋਗਰਾਮਾਂ ਤੇ ਸਮਾਗਮਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਚੰਗਾ ਮਾਣ-ਸਨਮਾਨ ਹਾਸਲ ਕਰਦਾ ਰਿਹਾ। ਰਣਜੀਤ ਬਾਵਾ ਦਾ ਪਹਿਲਾ ਗੀਤ 'ਕੁੜੀਆਂ' ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਤਕ ਕਈ ਹਿੱਟ ਸਿੰਗਲ ਟਰੈਕ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਇੰਨੀ ਲੰਬੀ ਹੈ, ਜੋ ਸ਼ਾਇਦ ਇਕ ਖਬਰ 'ਚ ਪੂਰੀ ਨਹੀਂ ਆ ਸਕਦੀ। ਅਸੀਂ ਰਣਜੀਤ ਬਾਵਾ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਮੁਬਾਰਕਬਾਦ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਮਾਲਕ ਉਨ੍ਹਾਂ ਨੂੰ ਹੋਰ ਤਰੱਕੀ ਬਖਸ਼ੇ।