ਮੁੰਬਈ— ਸਮੇਂ ਦੇ ਪਾਬੰਦ ਰਹਿਣ ਵਾਲੇ ਬਾਲੀਵੁੱਡ ਦੇ ਸਭ ਤੋਂ ਫਿੱਟ ਅਭਿਨੇਤਾਵਾਂ 'ਚੋਂ ਇਕ ਅਕਸ਼ੇ ਕੁਮਾਰ ਨੂੰ ਕ੍ਰਿਕਟ ਨਾਲ ਇੰਨਾ ਲਗਾਅ ਹੈ ਕਿ ਉਹ ਕਦੇ-ਕਦੇ ਆਪਣੇ ਸ਼ੈਡਿਊਲ 'ਚ ਢਿਲ ਵੀ ਦਿਖਾਉਂਦੇ ਹਨ ਤੇ ਆਪਣੀ ਅਭਿਨੇਤਰੀ ਪਤਨੀ ਟਵਿੰਕਲ ਖੰਨਾ ਤੋਂ ਲੁਕ ਕੇ ਮੈਚ ਦੇਖਦੇ ਹਨ।
ਇਹ ਸਾਰੇ ਜਾਣਦੇ ਹਨ ਕਿ ਆਪਣੇ ਸੌਣ ਤੇ ਉਠਣ ਦੇ ਸਮੇਂ ਨੂੰ ਲੈ ਕੇ ਅਕਸ਼ੇ ਸਮੇਂ ਦੇ ਬੇਹੱਦ ਪਾਬੰਦ ਹਨ। ਉਹ ਸਵੇਰੇ ਚਾਰ ਵਜੇ ਉਠ ਜਾਂਦੇ ਹਨ ਤੇ ਰਾਤ ਨੂੰ 9 ਵਜੇ ਸੌਂ ਜਾਂਦੇ ਹਨ ਪਰ ਕ੍ਰਿਕਟ ਲਈ ਉਹ ਇਸ ਨੂੰ ਕਦੇ-ਕਦੇ ਟਾਲ ਵੀ ਦਿੰਦੇ ਹਨ।
ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਐਤਵਾਰ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਅਭਿਆਸ ਮੈਚ ਦੌਰਾਨ ਟੀ. ਵੀ. ਚੈਨਲ 'ਸਟਾਰ ਸਪੋਰਟਸ' ਦੇ ਸੈੱਟ 'ਤੇ ਆਪਣੀ ਅਗਾਮੀ ਫਿਲਮ 'ਟਾਇਲੇਟ : ਏਕ ਪ੍ਰੇਮ ਕਥਾ' ਦੇ ਪ੍ਰਚਾਰ ਲਈ ਪਹੁੰਚੇ ਅਕਸ਼ੇ ਨੇ ਇਹ ਖੁਲਾਸਾ ਕੀਤਾ। ਅਕਸ਼ੇ ਨੇ ਕਿਹਾ, 'ਮੈਂ ਤੇ ਟਵਿੰਕਲ ਸਮੇਂ ਦੇ ਪਾਬੰਦ ਹਾਂ ਤੇ ਰਾਤ ਨੂੰ ਅਸੀਂ 9 ਵਜੇ ਸੌਂ ਜਾਂਦੇ ਹਾਂ ਪਰ ਕਦੇ-ਕਦੇ ਮੈਂ ਦੇਰ ਰਾਤ ਤਕ ਕ੍ਰਿਕਟ ਮੈਚ ਦੇਖਦਾ ਹਾਂ। ਕੁਝ ਮੈਚ 11 ਤੇ 12 ਵਜੇ ਤਕ ਚੱਲਦੇ ਹਨ ਤੇ ਇਸ ਲਈ ਮੈਂ ਟਵਿੰਕਲ ਤੋਂ ਲੁਕ ਕੇ ਆਪਣੇ ਆਈਪੈਡ 'ਤੇ ਮੈਚ ਦੇਖ ਲੈਂਦਾ ਹਾਂ।'
ਮਨਪਸੰਦ ਕ੍ਰਿਕਟ ਖਿਡਾਰੀ ਬਾਰੇ ਪੁੱਛੇ ਜਾਣ 'ਤੇ ਅਕਸ਼ੇ ਨੇ ਕਿਹਾ, 'ਸਾਰੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ 'ਚ ਕਿਸੇ ਇਕ ਦਾ ਨਾਂ ਲੈਣਾ ਮੁਸ਼ਕਿਲ ਹੈ। ਹਾਲਾਂਕਿ ਮੈਨੂੰ ਵਿਰਾਟ ਕੋਹਲੀ, ਯੁਵਰਾਜ ਸਿੰਘ ਤੇ ਅਜਿੰਕਯ ਰਹਾਣੇ ਦੀ ਖੇਡ ਵਧੀਆ ਲੱਗਦੀ ਹੈ।' ਅਕਸ਼ੇ ਦੀ ਅਗਾਮੀ ਫਿਲਮ 'ਟਾਇਲੇਟ : ਏਕ ਪ੍ਰੇਮ ਕਥਾ' 11 ਅਗਸਤ, 2017 ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਨਾਲ ਅਭਿਨੇਤਰੀ ਭੂਮੀ ਪੇਡਨੇਕਰ ਨੂੰ ਵੀ ਮੁੱਖ ਭੂਮਿਕਾ 'ਚ ਦੇਖਿਆ ਜਾਵੇਗਾ।