ਜਲੰਧਰ— ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਟਾਰ ਹਾਰਡੀ ਸੰਧੂ ਦਾ ਨਵਾਂ ਗੀਤ 'ਯਾਰ ਨੀ ਮਿਲਿਆ' ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਰਡੀ ਸੰਧੂ ਦਾ ਪਹਿਲਾ ਪਿਆਰ ਕ੍ਰਿਕਟ ਹੈ ਪਰ 2007 ਵਿੱਚ ਜਦੋਂ ਉਨ੍ਹਾਂ ਨੂੰ ਸੱਟ ਲੱਗੀ ਤਾਂ ਉਨ੍ਹਾਂ ਦਾ ਧਿਆਨ ਗਾਇਕੀ ਵੱਲ ਗਿਆ। ਇਕ ਇੰਟਰਵਿਊ ਦੌਰਾਨ ਹਾਰਡੀ ਸੰਧੂ ਨੇ ਦੱਸਿਆ ਉਹ ਆਪਣੀ ਟੀਮ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੇ 'ਸੋਚ' ਗੀਤ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ।
ਇਸ ਗੀਤ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਤੇ ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਿਆ। ਹਾਰਡੀ ਦਾ ਮੰਨਣਾ ਹੈ ਕਿ ਉਹ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਘੱਟ ਲੋਕਾਂ ਨਾਲ ਹੀ ਬਣਦੀ ਹੈ।
ਜਦੋਂ ਉਨ੍ਹਾਂ ਦਾ ਗੀਤ 'ਹੌਰਨ ਬਲੋਅ' ਆਇਆ ਤਾਂ ਲੋਕਾਂ ਦਾ ਨਜ਼ਰੀਆ ਉਨ੍ਹਾਂ ਲਈ ਬਦਲ ਗਿਆ ਕਿ ਉਹ ਸਿਰਫ ਦਰਦ ਭਰੇ ਗੀਤ ਹੀ ਗਾਉਂਦੇ ਹਨ। ਜਦੋਂ ਹਾਰਡੀ ਸੰਧੂ ਨੂੰ ਪੁੱਛਿਆ ਗਿਆ ਕਿ ਉਹ ਕਿਸ ਅਦਾਕਾਰ ਜਾਂ ਵੱਡੀ ਸ਼ਖਸੀਅਤ ਜਾਂ ਖਿਡਾਰੀ ਦੀ ਬਾਇਓਪਿਕ ਕਰਨਾ ਚਾਹੁੰਦੇ ਹਨ
ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਕ੍ਰਿਕਟ ਰਿਹਾ ਪਰ ਜਿਸ ਖਿਡਾਰੀ ਦੀ ਉਹ ਬਾਇਓਪਿਕ ਕਰਨਾ ਚਾਹੁੰਦੇ ਹਨ ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ ਤੇ ਉਹ ਸਿੱਧੇ ਹੱਥ ਨਾਲ ਖੇਡਦੇ ਹਨ।
ਦੱਸਣਯੋਗ ਹੈ ਕਿ ਹਾਰਡੀ ਸੰਧੂ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ ਨੂੰ ਵੱਡੇ ਪਰਦੇ ਤੇ ਜਿਉਣਾ ਚਾਹੁੰਦੇ ਨੇ, ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਜ਼ਿੰਦਗੀ 'ਤੇ ਅਧਾਰਿਤ ਕੋਈ ਫ਼ਿਲਮ ਬਣਦੀ ਹੈ ਤਾਂ ਉਹ ਯੁਵੀ ਦਾ ਕਿਰਦਾਰ ਨਿਭਾਉਣਾ ਪਸੰਦ ਕਰਨਗੇ।