ਜਲੰਧਰ (ਬਿਊਰੋ)— ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਤੇ ਭਾਰਤੀ ਕ੍ਰਿਕਟਰ ਕੇ. ਐੱਲ. ਰਾਹੁਲ ਦੀ ਕੈਮਿਸਟਰੀ ਕਾਫੀ ਚਰਚਾ 'ਚ ਹੈ। ਨਿਤ ਦਿਨ ਸੋਨਮ ਦੀ ਕਿਸੇ ਨਾ ਕਿਸੇ ਤਸਵੀਰ 'ਤੇ ਕੇ. ਐੱਲ. ਰਾਹੁਲ ਕੁਮੈਂਟ ਕਰ ਦਿੰਦੇ ਹਨ ਤੇ ਬਦਲੇ 'ਚ ਸੋਨਮ ਕਿਊਟ ਰਿਪਲਾਈ ਵੀ ਕਰਦੀ ਹੈ। ਹਾਲ ਹੀ 'ਚ ਸੋਨਮ ਨੇ ਇਕ ਤਸਵੀਰ ਸਾਂਝੀ ਕੀਤੀ, ਜਿਸ ਦੇ ਨਾਲ ਉਸ ਨੇ ਕੈਪਸ਼ਨ ਦਿੱਤੀ, 'ਸੂਰਜ ਡੁੱਬਦਾ ਦੇਖ ਰਹੀ ਹਾਂ ਤੇ ਤੁਹਾਡੇ ਬਾਰੇ ਸੋਚ ਰਹੀ ਹਾਂ।' ਇਸ ਤਸਵੀਰ 'ਤੇ ਕੁਮੈਂਟ ਕਰਦਿਆਂ ਰਾਹੁਲ ਨੇ ਲਿਖਿਆ, 'ਸਿਰਫ ਇਕ ਕਾਲ ਦੂਰ ਹਾਂ ਸੋਨਮ ਬਾਜਵਾ।' ਦੱਸਣਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੇ. ਐੱਲ. ਰਾਹੁਲ ਨੇ ਸੋਨਮ ਬਾਜਵਾ ਦੀ ਤਸਵੀਰ 'ਤੇ ਕੁਮੈਂਟ ਕੀਤਾ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਸੋਨਮ ਦੀ ਇਕ ਤਸਵੀਰ 'ਤੇ ਕੁਮੈਂਟ ਕਰ ਚੁੱਕੇ ਹਨ। ਸੋਨਮ ਨੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, 'ਡੇਟ ਟੁਨਾਈਟ।' ਇਸ 'ਤੇ ਕੁਮੈਂਟ ਕਰਦਿਆਂ ਕੇ. ਐੱਲ. ਰਾਹੁਲ ਨੇ 'ਥਿੰਕਿੰਗ ਫੇਸ' ਦੀ ਇਮੋਜੀ ਬਣਾਈ ਸੀ। ਇਸ ਦੇ ਜਵਾਬ 'ਚ ਸੋਨਮ ਨੇ ਰਾਹੁਲ ਨੂੰ ਕੁਮੈਂਟ 'ਚ 'ਸਨਗਲਾਸਿਸ' ਦੀ ਇਮੋਜੀ ਭੇਜੀ। ਇਨ੍ਹਾਂ ਦੋਵਾਂ 'ਚ ਕੀ ਖਿੱਚੜੀ ਪੱਕ ਰਹੀ ਹੈ, ਇਹ ਤਾਂ ਸਾਨੂੰ ਨਹੀਂ ਪਤਾ ਪਰ ਦੋਵਾਂ ਦੀ ਕੁਮੈਂਟਿੰਗ ਇਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਕੇ. ਐੱਲ. ਰਾਹੁਲ ਦਾ ਨਾਂ ਪਹਿਲਾਂ ਵੀ ਕਈ ਲੜਕੀਆਂ ਨਾਲ ਜੁੜ ਚੁੱਕਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਮਾਡਲ ਨਾਹਰ ਨਾਲ ਜੋੜਿਆ ਗਿਆ ਸੀ। ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਅਭਿਨੇਤਰੀ ਨਿਧੀ ਅਗਰਵਾਲ ਨਾਲ ਜੋੜਿਆ ਗਿਆ। ਦੋਵਾਂ ਨੂੰ ਇਕੱਠਿਆਂ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ। ਹੁਣ ਉਨ੍ਹਾਂ ਦੀ ਸੋਨਮ ਬਾਜਵਾ ਨਾਲ ਚੈਟ ਵਾਇਰਲ ਹੋ ਰਹੀ ਹੈ। ਸੋਨਮ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਹੈ। ਸੋਨਮ ਦੀ ਆਖਰੀ ਰਿਲੀਜ਼ ਹੋਈ ਫਿਲਮ 'ਕੈਰੀ ਆਨ ਜੱਟਾ 2' ਹੈ, ਜਿਹੜੀ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ।