ਮੁੰਬਈ (ਬਿਊਰੋ)— ਸਾਲ ਦੇ ਸਭ ਤੋਂ ਚਰਚਿਤ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਤਾਂ ਤੁਸੀਂ ਖੂਬ ਪਸੰਦ ਕੀਤੀਆਂ ਹਨ ਪਰ ਅਜੇ ਵੀ ਕੁਝ ਅਜਿਹੀਆਂ ਖਾਸ ਤਸਵੀਰਾਂ ਹਨ, ਜਿਨ੍ਹਾਂ ਨੂੰ ਸਾਰਿਆਂ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ, ਸਗੋਂ ਵੇਚਿਆ ਜਾਵੇਗਾ, ਉਹ ਵੀ ਇਕ ਨੇਕ ਕੰਮ ਲਈ। ਵਿਆਹ ਦੀਆਂ ਖਾਸ ਤਸਵੀਰਾਂ ਨੂੰ ਵੇਚਣ ਤੋਂ ਬਾਅਦ ਜੋ ਪੈਸਾ ਜਮ੍ਹਾ ਹੋਵੇਗਾ, ਉਸ ਨੂੰ ਦਾਨ ਕੀਤਾ ਜਾਵੇਗਾ। ਜੀ ਹਾਂ, ਵਿਰਾਟ ਤੇ ਅਨੁਸ਼ਕਾ ਇਕ ਅਮਰੀਕੀ ਫੈਸ਼ਨ ਮੈਗਜ਼ੀਨ ਨੂੰ ਆਪਣੀਆਂ ਤਸਵੀਰਾਂ ਵੇਚਣਗੇ ਤੇ ਉਸ ਤੋਂ ਮਿਲਣ ਵਾਲੇ ਪੈਸੇ ਨੂੰ ਦਾਨ 'ਚ ਦੇਣਗੇ। ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਰਾਟ ਤੇ ਅਨੁਸ਼ਕਾ ਦੋਵਾਂ ਨੂੰ ਹੀ ਜਾਨਵਰਾਂ ਨਾਲ ਬੇਹੱਦ ਲਗਾਅ ਹੈ ਤਾਂ ਕਾਫੀ ਹੱਦ ਤਕ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਪੈਸੇ ਨੂੰ ਜਾਨਵਰਾਂ ਨਾਲ ਜੁੜੇ ਕਿਸੇ ਚੰਗੇ ਕੰਮ ਲਈ ਲਗਾਉਣਗੇ। 11 ਦਸੰਬਰ ਨੂੰ ਵਿਆਹ ਕਰਵਾਉਣ ਤੋਂ ਬਾਅਦ ਇਹ ਜੋੜਾ ਫਿਲਹਾਲ ਹਨੀਮੂਨ ਮਨਾ ਰਿਹਾ ਹੈ। ਇਸ ਤੋਂ ਬਾਅਦ 21 ਦਸੰਬਰ ਨੂੰ ਦਿੱਲੀ ਤੇ ਫਿਰ 26 ਦਸੰਬਰ ਨੂੰ ਮੁੰਬਈ 'ਚ ਰਿਸੈਪਸ਼ਨ ਰੱਖੀ ਜਾਵੇਗੀ।