ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ’ਚ ਆਏ ਦਿਨ ਕਿਸੇ ਨਾ ਕਿਸੇ ਦੀ ਕੋਲਡ ਵਾਰ ਚੱਲਦੀ ਰਹਿੰਦੀ ਹੈ। ਅਜਿਹੀ ਹੀ ਕੋਲਡ ਵਾਰ ਚੱਲੀ ਪੰਜਾਬੀ ਮਾਡਲ ਸ਼ਹਿਨਾਜ਼ ਕੌਰ ਗਿੱਲ ਤੇ ਮਾਡਲ ਦੇ ਨਾਲ-ਨਾਲ ਗਾਇਕਾ ਬਣੀ ਹਿਮਾਂਸ਼ੀ ਖੁਰਾਣਾ ਵਿਚਾਲੇ। ਮਜ਼ਾਕ-ਮਜ਼ਾਕ ’ਚ ਚੱਲੀ ਦੋਵਾਂ ਦੀ ਕੋਲਡ ਵਾਰ ਇੰਨੀ ਵੱਧ ਚੁੱਕੀ ਹੈ ਕਿ ਦੋਵਾਂ ਨੂੰ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਆਪਣੀ ਭੜਾਸ ਕੱਢਣੀ ਪਈ। ਦੋਵਾਂ ਵਿਚਾਲੇ ਇਹ ਕੋਲਡ ਵਾਰ ਸ਼ੁਰੂ ਕਿਵੇਂ ਹੋਈ ਆਓ ਤੁਹਾਨੂੰ ਦੱਸਦੇ ਹਾਂ—
ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਲੜਾਈ ਦਾ ਇਹ ਹੈ ਕਾਰਨ
ਹਾਲ ਹੀ ’ਚ ਹਿਮਾਂਸ਼ੀ ਖੁਰਾਣਾ ਦਾ ਗੀਤ ‘ਆਈ ਲਾਈਕ ਇੱਟ’ ਰਿਲੀਜ਼ ਹੋਇਆ। ਸ਼ਹਿਨਾਜ਼ ਕੋਲੋਂ ਇਕ ਸ਼ਖਸ ਨੇ ਪੁੱਛਿਆ ਕਿ ਹਾਲ ਹੀ ’ਚ ਰਿਲੀਜ਼ ਹੋਏ ਗੀਤਾਂ ’ਚ ਉਸ ਨੂੰ ਕਿਹੜਾ ਗੀਤ ਪਸੰਦ ਹੈ ਤੇ ਕਿਹੜਾ ਨਹੀਂ ਤਾਂ ਸ਼ਹਿਨਾਜ਼ ਨੇ ਕਿਹਾ, ‘‘ਮੈਨੂੰ ‘ਜੱਟ ਲਾਈਫ’ ਗੀਤ ਪਸੰਦ ਹੈ ਤੇ ਜੋ ਗੀਤ ਮੈਨੂੰ ਪਸੰਦ ਨਹੀਂ ਹੈ, ਉਹ ਹੈ ‘ਆਈ ਲਾਈਕ ਇੱਟ’।’’ ਇਹੀ ਨਹੀਂ ਸ਼ਹਿਨਾਜ਼ ਨੇ ਇੰਸਟਾਗ੍ਰਾਮ ’ਤੇ ‘ਜੱਟ ਬੀ ਲਾਈਕ’ ਨਾਂ ਦੇ ਪੇਜ ਨਾਲ ਲਾਈਵ ਹੋ ਕੇ ਹਿਮਾਂਸ਼ੀ ਬਾਰੇ ਮਾੜਾ ਆਖਿਆ ਤੇ ‘ਜੱਟ ਬੀ ਲਾਈਕ’ ਵਾਲੇ ਨੇ ਹਿਮਾਂਸ਼ੀ ਨੂੰ ਗਾਲ੍ਹਾਂ ਤਕ ਕੱਢ ਦਿੱਤੀਆਂ। ਇਸ ਗੱਲ ਨੇ ਹਿਮਾਂਸ਼ੀ ਨੂੰ ਬੇਹੱਦ ਦੁਖੀ ਕੀਤਾ ਤੇ ਹਿਮਾਂਸ਼ੀ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਸ਼ਹਿਨਾਜ਼ ਕੌਰ ਗਿੱਲ ਦੀ ਬੇਇੱਜ਼ਤੀ ਕਰ ਦਿੱਤੀ। ਉਥੇ ਸ਼ਹਿਨਾਜ਼ ਨੇ ਵੀ ਹਿਮਾਂਸ਼ੀ ਦੀ ਲਾਈਵ ਵੀਡੀਓ ਤੋਂ ਬਾਅਦ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਹਿਮਾਂਸ਼ੀ ਬਾਰੇ ਕਈ ਖੁਲਾਸੇ ਕੀਤੇ ਤੇ ਦੁਖੀ ਹੋ ਕੇ ਭਾਵੁਕ ਵੀ ਹੋ ਗਈ। ਦੋਵਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋ ਰਹੀਆਂ ਹਨ।
ਹਿਮਾਂਸ਼ੀ ਨੇ ਸ਼ਹਿਨਾਜ਼ ਬਾਰੇ ਕਿਹਾ ਇਹ ਸਭ—
ਹਿਮਾਂਸ਼ੀ ਨੇ ਕਿਹਾ ਕਿ ਸ਼ਹਿਨਾਜ਼ ਵਾਂਗ ਉਹ ਕਿਸੇ ਦੇ ਲੋਲੋ-ਪੋਪੋ ਨਹੀਂ ਕਰਦੀ। ਉਸ ’ਚ ਇੰਨੀ ਹਿੰਮਤ ਹੈ ਕਿ ਮਾੜਾ ਬੋਲਣ ਵਾਲੇ ਦੇ ਉਹ ਖੁਦ ਮੂੰਹ ’ਤੇ ਚਪੇੜ ਮਾਰ ਸਕਦੀ ਹੈ। ਹਿਮਾਂਸ਼ੀ ਨੇ ਕਿਹਾ ਕਿ ਸ਼ਹਿਨਾਜ਼ ਨੂੰ ਜਦੋਂ ਲੋੜ ਸੀ ਤਾਂ ਉਸ ਨੇ ਉਸ ਦੀ ਮਦਦ ਕੀਤੀ ਸੀ, ਉਹ ਸਮਾਂ ਉਸ ਨੂੰ ਭੁੱਲ ਗਿਆ ਹੈ। ਉਸ ਨੇ ਕਿਹਾ ਕਿ ਮੈਨੂੰ ਕਿਸੇ ਦੇ ਲਾਈਕ ਜਾਂ ਡਿਸਲਾਈਕ ਦੀ ਲੋੜ ਨਹੀਂ ਹੈ। ਮੈਂ ਆਪਣੇ ਖੁਦ ਦੇ ਪੈਸੇ ਲਾ ਕੇ ਗੀਤ ਬਣਾਉਂਦੀ ਹਾਂ। ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਲੋਕ ਆਪਣੀ ਬੇਇੱਜ਼ਤੀ ਕਰਵਾਉਣ ਦੇ ਡਰ ਤੋਂ ਸ਼ਹਿਨਾਜ਼ ਨੂੰ ਬੁਲਾਉਣਾ ਵੀ ਘੱਟ ਕਰ ਦਿੰਦੇ ਹਨ।
ਸ਼ਹਿਨਾਜ਼ ਨੇ ਹਿਮਾਂਸ਼ੀ ਬਾਰੇ ਕਿਹਾ ਇਹ ਸਭ—
ਸ਼ਹਿਨਾਜ਼ ਨੇ ਕਿਹਾ ਕਿ ਉਹ ਮੰਨਦੀ ਹੈ ਕਿ ਹਿਮਾਂਸ਼ੀ ਨੂੰ ਲੈ ਕੇ ਉਸ ਨੇ ਮਜ਼ਾਕ ਉਡਾਇਆ ਹੈ ਪਰ ਇਹ ਇੰਨੀ ਵੱਡੀ ਗੱਲ ਨਹੀਂ ਸੀ। ਹਿਮਾਂਸ਼ੀ ਮੇਰੇ ਚਰਿੱਤਰ ਤੇ ਮੇਰੇ ਪਿਤਾ ਨੂੰ ਲੈ ਕੇ ਬੋਲੀ ਹੈ। ਸ਼ਹਿਨਾਜ਼ ਨੇ ਕਿਹਾ ਕਿ ਹਿਮਾਂਸ਼ੀ ਨੇ ਇਤਰਾਜ਼ਯੋਗ ਤਸਵੀਰਾਂ ਲੀਕ ਕਰਵਾਈਆਂ ਹਨ। ਮੈਂ ਮਜ਼ਾਕ ਜ਼ਰੂਰ ਉਡਾਇਆ ਹੈ ਪਰ ਕਿਸੇ ਨੂੰ ਮੈਂਟਲੀ ਟਾਰਚਰ ਨਹੀਂ ਕੀਤਾ।