FacebookTwitterg+Mail

ਫਿੱਟਨੈੱਸ ਨੂੰ ਲੈ ਕੇ ਪਹਿਲੀ ਵਾਰ ਬੋਲੇ ਸਤਿੰਦਰ ਸਰਤਾਜ, ਦੱਸਿਆ ਫਿੱਟ ਰਹਿਣ ਦਾ ਰਾਜ਼

satinder sartaaj
07 March, 2020 03:59:11 PM

ਜਲੰਧਰ (ਬਿਊਰੋ) : ਅਕਸਰ ਫਿੱਟ ਰਹਿਣ ਲਈ ਤੁਸੀਂ ਸੁਣਿਆ ਹੋਵੇਗਾ ਕਿ ਇਕ ਪੂਰਾ ਡਾਈਟ ਪਲੈਨ ਫਾਲੋ ਕਰਨਾ ਪੈਂਦਾ ਹੈ ਅਤੇ ਬਹੁਤ ਸਾਰੀ ਫਿਜ਼ੀਕਲ ਐਕਟਿਵੀਟੀਸ ਕਰਨੀਆਂ ਪੈਂਦੀਆਂ ਹਨ ਪਰ ਜਦ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਤੋਂ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਸਿਰਫ ਬਹੁਤ ਤੇਜ਼ ਭੁੱਖ ਲੱਗਣ 'ਤੇ ਹੀ ਖਾਣਾ ਖਾਂਦੇ ਹਨ, ਫਿਰ ਵੀ ਉਹ ਢਿੱਡ ਭਰ ਕੇ ਖਾਣਾ ਨਹੀਂ ਖਾਂਦੇ। ਉਨ੍ਹਾਂ ਦੱਸਿਆ ਕਿ ਅਕਸਰ ਈਵੈਂਟ ਦੇ ਚੱਲਦਿਆਂ ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਰਹਿੰਦੇ ਹਨ। ਕਈ ਵਾਰ ਤਾਂ ਦੋ-ਦੋ ਮਹੀਨੇ ਵੀ ਘਰ ਨਹੀਂ ਆਉਂਦੇ। ਉਨ੍ਹਾਂ ਕੋਲ ਇਨ੍ਹਾਂ ਵੀ ਸਮਾਂ ਨਹੀਂ ਹੁੰਦਾ ਕਿ ਉਹ ਜਿਸ ਹੋਟਲ 'ਚ ਰੁਕੇ ਹਨ ਉਸ ਦੇ ਜਿਮ 'ਚ ਜਾ ਕੇ ਐਕਸਰਸਾਈਜ਼ ਕਰ ਲੈਣ। ਬਾਵਜੂਦ ਇਸ ਦੇ ਉਹ ਜਦ ਵੀ ਸਮਾਂ ਮਿਲਦਾ ਹੈ ਐਕਸਰਸਾਈਜ਼ ਕਰਦੇ ਹਨ। ਜੇ ਖਾਣਾ ਨਹੀਂ ਖਾਧਾ ਤਾਂ ਯੋਗ ਕਰ ਲੈਂਦੇ ਹਨ।'' ਇਸ ਤੋਂ ਇਲਾਵਾ ਸਤਿੰਦਰ ਸਰਤਾਜ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਟਹਿਲ ਲੈਂਦੇ ਹਨ। ਜੇਕਰ ਕਿਸੇ ਨਾਲ ਗੱਲ ਕਰ ਰਹੇ ਹਨ ਤਾਂ ਹੱਥਾਂ ਦੀ ਕਸਰਤ ਕਰ ਲੈਂਦੇ ਹਨ। ਨਾਲ ਹੀ ਸਰਤਾਜ ਨੇ ਆਪਣੀ ਫਿੱਟਨੈਸ 'ਚ ਬਿਜ਼ੀ ਰਹਿਣ ਦਾ ਵੀ ਸਭ ਤੋਂ ਅਹਿਮ ਰੋਲ ਦੱਸਿਆ। ਉਨ੍ਹਾਂ ਕਿਹਾ ਕਿ ਉਹ ਹਰ ਵੇਲੇ ਆਪਣੇ ਆਪ ਨੂੰ ਬਿਜ਼ੀ ਰੱਖਦੇ ਹਨ।''

ਦੱਸਣਯੋਗ ਹੈ ਕਿ ਪੰਜਾਬੀ ਗਾਇਕੀ ’ਚ ਵੱਖਰੀਆਂ ਪੈੜਾਂ ਪਾਉਣ ਵਾਲੇ ਨਾਮਵਰ ਗਾਇਕ, ਗੀਤਕਾਰ ਤੇ ਹੁਣ ਅਦਾਕਾਰ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇੱਕੋ-ਮਿੱਕੇ’ 13 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਹਾਲੀਵੁੱਡ ਫਿਲਮ ‘ਦਿ ਬਲੈਕ ਪ੍ਰਿੰਸ’ ਤੋਂ ਬਾਅਦ ਦਰਸ਼ਕ ਪਹਿਲੀ ਵਾਰ ਸਰਤਾਜ ਨੂੰ ਕਿਸੇ ਪੰਜਾਬੀ ਫਿਲਮ ’ਚ ਅਦਾਕਾਰੀ ਕਰਦਿਆਂ ਦੇਖਣਗੇ। ਪੰਜਾਬੀ ਫਿਲਮ ਜਗਤ ਦੇ ਵਿਹੜੇ ’ਚ ਪਹਿਲਾ ਕਦਮ ਰੱਖਣ ਜਾ ਰਹੇ ਸਰਤਾਜ ਨੇ ਆਪਣੀ ਇਸ ਫਿਲਮ ਜ਼ਰੀਏ ਦੱਸ ਦਿੱਤਾ ਹੈ ਕਿ ਵਿਆਹਾਂ, ਕਾਮੇਡੀ ਤੇ ਅਜਿਹੀਆਂ ਹੀ ਫੂਹੜ ਕਿਸਮ ਦੀਆਂ ਫਿਲਮਾਂ ਤੋਂ ਅੱਕ ਚੁੱਕੇ ਦਰਸ਼ਕਾਂ ਲਈ ਉਹ ਕੁਝ ਅਜਿਹਾ ਲੈ ਕੇ ਆਉਣਗੇ ਕਿ ਦਰਸ਼ਕ ਸਾਰਥਿਕ ਗੀਤਾਂ ਵਾਂਗ ਸਾਰਥਿਕ ਪੰਜਾਬੀ ਫਿਲਮਾਂ ਨੂੰ ਵੀ ਢੇਰ ਸਾਰਾ ਪਿਆਰ ਦੇਣਗੇ। 

ਨੌਜਵਾਨ ਫਿਲਮ ਨਿਰਦੇਸ਼ਕ ਪੰਕਜ ਵਰਮਾ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ’ਚ ਸਤਿੰਦਰ ਸਰਤਾਜ ਦੀ ਹੀਰੋਇਨ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਹੈ। ਦੋਵਾਂ ਤੋਂ ਇਲਾਵਾ ਫਿਲਮ ’ਚ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਉਮੰਗ ਸ਼ਰਮਾ ਸਮੇਤ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਪੰਕਜ ਵਰਮਾ ਮੁਤਾਬਕ ਸਰਤਾਜ ਵਾਂਗ ਹੀ ਇਹ ਵੀ ਬਤੌਰ ਨਿਰਦੇਸ਼ਕ-ਲੇਖਕ ਉਨ੍ਹਾਂ ਦੀ ਪਹਿਲੀ ਫਿਲਮ ਹੈ। ਫਿਲਮ ‘ਇੱਕੋ-ਮਿੱਕੇ’ ਪੰਜਾਬੀ ਫਿਲਮਾਂ ਨਾਲੋਂ ਹਰ ਪੱਖੋਂ ਵੱਖਰੀ ਫਿਲਮ ਹੈ। ਇਹ ਫਿਲਮ ਰਿਸ਼ਤਿਆਂ ’ਚ ਪੈਂਦੀਆਂ ਦੂਰੀਆਂ ਦੀ ਗੱਲ ਕਰਦੀ ਹੋਈ ਆਪਣੀ ਜੀਵਨ ਸਾਥੀ ਨੂੰ ਉਸੇ ਦੇ ਹੀ ਨਜ਼ਰੀਏ ਨਾਲ ਸਮਝਣ ਲਈ ਪ੍ਰੇਰਿਤ ਕਰੇਗੀ। ਇਸ ਫਿਲਮ ਦੇ ਗੀਤ ਸਤਿੰਦਰ ਸਰਤਾਜ ਨੇ ਹੀ ਲਿਖੇ ਤੇ ਗਾਏ ਹਨ, ਜਦਕਿ ਮਿਊਜ਼ਿਕ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਸੈਵਨ ਕਲਰ ਮੋਸ਼ਨ ਪਿਕਚਰਸ ਵੱਲੋਂ ਇਹ ਫਿਲਮ ਦੁਨੀਆ ਭਰ ’ਚ ਰਿਲੀਜ਼ ਕੀਤੀ ਜਾ ਰਹੀ ਹੈ।

 

ਇਹ ਵੀ ਦੇਖੋ  : ਸਲਮਾਨ ਨੂੰ ਵੱਡੀ ਰਾਹਤ, ਕਾਲਾ ਹਿਰਨ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਅਪੀਲ 'ਤੇ ਸੁਣਵਾਈ ਟਲੀ


Tags: Satinder SartaajFitness DietGymUpcoming MovieIkko MikkePollywood Khabarਪਾਲੀਵੁੱਡ ਸਮਾਚਾਰ

About The Author

sunita

sunita is content editor at Punjab Kesari