ਜਲੰਧਰ (ਸੁਮੀਤ ਖੰਨਾ) — ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਅੱਜ ਆਪਣੇ ਪਿਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਣ ਅਤੇ ਮੁਆਫੀ ਮੰਗਣ ਲਈ ਪਹੁੰਚੇ। ਤਕਰੀਬਨ 1 ਘੰਟੇ ਤੋਂ ਜ਼ਿਆਦਾ ਸਮਾਂ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਚ ਬੀਤਾਇਆ। ਨਾਲ ਹੀ ਉਨ੍ਹਾਂ ਨੇ ਇਸ ਮੌਕੇ ਆਪਣੇ ਉਸ ਗੀਤ ਲਈ ਇਕ ਲਿਖਤੀ ਮੁਆਫੀਨਾਮਾ ਵੀ ਲਿਖਿਆ। ਉਨ੍ਹਾਂ ਨੇ ਇਹ ਵੀ ਕਬੂਲ ਕੀਤਾ ਕਿ ਉਨ੍ਹਾਂ ਕੋਲੋ ਗਲਤੀ ਹੋਈ ਹੈ, ਜਿਸ ਲਈ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ 'ਚ ਪੇਸ਼ ਹੋਏ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗੀਤ 'ਚ 'ਮਾਈ ਭਾਗੋ' ਨੂੰ ਲੈ ਕੇ ਗਲਤ ਸ਼ਬਦਾਵਲੀ ਵਰਤੀ ਸੀ, ਜਿਸ 'ਤੇ ਵੱਖ-ਵੱਖ ਜੱਥੇਬੰਦੀਆਂ ਵਲੋਂ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਈ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਣਾ ਚਾਹੁੰਦੇ ਸਨ। ਸਿੱਧੂ ਨੇ ਗੀਤ 'ਤੇ ਵਿਵਾਦ ਸ਼ੁਰੂ ਹੁੰਦਾ ਦੇਖ ਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਵੀ ਮੁਆਫੀ ਮੰਗੀ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮੁਆਫੀਨਾਮਾ ਵੀ ਲਿਖਿਆ ਸੀ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਲਿਖੇ ਮੁਆਫੀਨਾਮੇ 'ਚ ਲਿਖਿਆ ਸੀ, ''ਮੈਂ ਨਿਮਾਣਾ ਸੇਵਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਪੁੱਤਰ ਸ. ਬਲਕੌਰ ਸਿੰਘ ਪਿੰਡ ਮੂਸਾ ਜ਼ਿਲਾ ਮਾਨਸਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰੇ ਵਲੋਂ ਪਿਛਲੇ ਦਿਨੀਂ ਇਕ ਗੀਤ ਗਾਇਆ ਗਿਆ ਸੀ, ਜਿਸ 'ਚ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜ਼ਿਕਰ ਨਾਲ ਸਾਡੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਮੈਂ ਗੁਰੂ ਦਾ ਨਿਮਾਣਾ ਸੇਵਕ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਚ ਅਥਾਂਹ ਵਿਸ਼ਵਾਸ ਰੱਖਦਾ ਹਾਂ। ਮੇਰੇ ਵਲੋਂ ਅਣਜਾਣੇ 'ਚ ਹੋਈ ਇਸ ਭੁੱਲ ਲਈ ਮੈਂ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਮੈਨੂੰ ਤੁਸੀਂ ਜਦੋਂ ਵੀ ਹੁਕਮ ਕਰੋਗੇ ਮੈਂ ਆਪ ਜੀ ਸਨਮੁੱਖ ਹਾਜ਼ਰ ਹੋ ਜਾਵਾਂਗਾ। ਇਸ ਗਲਤੀ ਲਈ ਮੇਰੇ ਲਈ ਜੋ ਵੀ ਸਜ਼ਾ ਸੁਣਾਈ ਜਾਵੇਗੀ, ਮੈਂ ਨਿਮਾਣਾ ਸਿੱਖ ਖਿੜੇ ਮੱਥੇ ਪ੍ਰਵਾਨ ਕਰਾਂਗਾ। ਮੈਂ ਨਵੰਬਰ ਮਹੀਨੇ ਦੇ ਆਖਰੀ ਹਫਤੇ 'ਚ ਪੰਜਾਬ ਆ ਕੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਗਲਤੀ ਲਈ ਮੁਆਫ ਕਰੋਗੇ।'' ਹਾਲਾਂਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਪਹੁੰਚੇ ਸਨ ਪਰ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਮੌਜੂਦ ਨਹੀਂ ਸਨ।